ਸਰੀ (ਰਵੀ ਕਾਂਤ ਸ਼ਰਮਾ) – ਪੰਜਾਬ ਤੋਂ ਕੈਨੇਡਾ ਦੇ ਦੌਰੇ ‘ਤੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੂੰ ਸਰੀ ਵਿਖੇ ਪਰਵਾਸੀ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਖੰਨਾ ਦੀ ਅਗਵਾਈ ਹੇਠ ਕਰਵਾਏ ਗਏ ਸਵਾਗਤੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਨੇ ਸ਼ਮੂਲੀਅਤ ਕੀਤੀ।
ਸਰੀ ਦੇ ਗਰੈਂਡ ਇੰਪਾਇਰ ਬੈਂਕੁਇਟ ਹਾਲ ਵਿੱਚ ਰਣਜੀਤ ਸਿੰਘ ਖੰਨਾ ਵੱਲੋਂ ਪੰਜਾਬ ਤੋਂ ਆਏ ਅਕਾਲੀ ਆਗੂਆਂ ਦੇ ਸਨਮਾਨ ਵਿੱਚ ਲੰਚ ਦਾ ਆਯੋਜਨ ਕੀਤਾ ਗਿਆ ਸੀ। ਪਰੰਤੂ ਪਰਵਾਸੀ ਪੰਜਾਬੀਆਂ ਦੀ ਵੱਡੀ ਹਾਜ਼ਰੀ ਕਾਰਨ ਇਹ ਸਮਾਗਮ ਇੱਕ ਵਿਸ਼ਾਲ ਕਾਨਫਰੰਸ ਦਾ ਰੂਪ ਧਾਰ ਗਿਆ।
ਇਸ ਮੌਕੇ ਪੰਜਾਬ ਤੋਂ ਆਏ ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋਂ (ਸਮਰਾਲਾ), ਬਲਜਿੰਦਰ ਸਿੰਘ ਬਰਾੜ (ਮੱਖਣ ਬਰਾੜ), ਸਤਵਿੰਦਰ ਸਿੰਘ ਢੱਟ ਅਤੇ ਕੇ.ਐੱਸ. ਮੱਖਣ ਨੇ ਪਰਵਾਸੀ ਪੰਜਾਬੀਆਂ ਨਾਲ ਰੂਬਰੂ ਹੋ ਕੇ ਪੰਜਾਬ ਦੇ ਮੌਜੂਦਾ ਸਿਆਸੀ, ਆਰਥਿਕ, ਅਮਨ-ਕਾਨੂੰਨ ਅਤੇ ਸਮਾਜਿਕ ਹਾਲਾਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਆਗੂਆਂ ਨੇ ਕੈਨੇਡਾ ਵਸਦੇ ਪੰਜਾਬੀਆਂ ਨੂੰ ਆਪਣੀ ਜਨਮ ਭੂਮੀ ਅਤੇ ਪੰਜਾਬ ਨਾਲ ਜੁੜੇ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਅਤੇ ਮਾਂ ਪਾਰਟੀ ਹੈ, ਜੋ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਵਚਨਬੱਧ ਰਹੀ ਹੈ। ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਪਾਰਟੀ ਨਾਲ ਜੁੜ ਕੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਵਫਦ ਮੈਂਬਰਾਂ ਨੇ ਦੱਸਿਆ ਕਿ ਉਹ ਕੈਨੇਡਾ ਦੇ ਐਡਮਿੰਟਨ, ਕੈਲਗਰੀ, ਵਿੰਨੀਪੈਗ, ਮਾਂਟਰੀਅਲ, ਓਟਵਾ ਅਤੇ ਟੋਰਾਂਟੋ ਸਮੇਤ ਕਈ ਸ਼ਹਿਰਾਂ ਦਾ ਦੌਰਾ ਕਰਨਗੇ । ਜਿੱਥੇ ਉਨ੍ਹਾਂ ਨੇ ਪਰਵਾਸੀ ਪੰਜਾਬੀਆਂ ਨਾਲ ਸੰਵਾਦ ਰਚਾ ਕੇ ਉਨ੍ਹਾਂ ਦੇ ਵਿਚਾਰ ਸੁਣੇ ਹਨ।
ਇਸ ਮੌਕੇ ਰਣਜੀਤ ਸਿੰਘ ਖੰਨਾ ਨੇ ਵਫਦ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਕੈਨੇਡਾ ਵਸਦੇ ਪੰਜਾਬੀ ਹਰ ਵੇਲੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਖੁਸ਼ਹਾਲੀ ਲਈ ਅਰਦਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪਰਵਾਸੀ ਪੰਜਾਬੀ ਵਿਦੇਸ਼ਾਂ ਵਿੱਚ ਰਹਿੰਦੇ ਹਨ, ਪਰ ਉਨ੍ਹਾਂ ਦੇ ਦਿਲਾਂ ਵਿੱਚ ਪੰਜਾਬ ਵੱਸਦਾ ਹੈ। ਉਨ੍ਹਾਂ ਪੰਜਾਬ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਸਰੀ ਦੇ ਪੰਜਾਬੀ ਭਾਈਚਾਰੇ ਅਤੇ ਐਨ.ਆਰ.ਆਈਜ਼ ਨੇ ਪੰਜਾਬ ਵਿੱਚ ਪਰਵਾਸੀ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਲਾਂ, ਜਾਇਦਾਦੀ ਵਿਵਾਦਾਂ ਅਤੇ ਹੋਰ ਮਸਲਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਢਿੱਲੋਂ (ਸਮਰਾਲਾ) ਨੇ ਕਿਹਾ ਕਿ ਪਰਵਾਸੀ ਪੰਜਾਬੀ ਪੰਜਾਬ ਦੀ ਆਰਥਿਕਤਾ ਅਤੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ, ਇਸ ਲਈ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਐਨ.ਆਰ.ਆਈਜ਼ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇਗਾ।
ਸਮਾਗਮ ਵਿੱਚ ਵੱਖ-ਵੱਖ ਵਰਗਾਂ ਨਾਲ ਸੰਬੰਧਤ ਪਤਵੰਤੇ ਵਿਅਕਤੀਆਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਗੁਰਬਾਜ਼ ਸਿੰਘ ਸ਼ਿੰਗਾਰਾ, ਰੂਬੀ ਗਰੇਵਾਲ, ਜ਼ਲਮਾਨ ਸਿੰਘ, ਦਿਲਜੀਤ ਕੌਰ, ਪ੍ਰਤਾਪ ਸਿੰਘ ਜੋਤੀ, ਬਲਜੀਤ ਕੌਰ, ਹਰਬੰਸ ਕੌਰ, ਮਨਿੰਦਰ ਕੌਰ, ਤੇਜਿੰਦਰ ਸਿੰਘ ਸੰਨੀ, ਗੁਰਕੀਰਤ ਸਿੰਘ ਪੱਪਲ ਅਤੇ ਗੁਨਦੀਪ ਸਿੰਘ ਸਮੇਤ ਹੋਰ ਸ਼ਖਸੀਅਤਾਂ ਸ਼ਾਮਲ ਸਨ।