ਸਰੀ (ਬ੍ਰਿਟਿਸ਼ ਕੋਲੰਬੀਆ), 10 ਜੂਨ 2026 — ਕੈਨੇਡਾ ਦੇ ਸਰੀ ਸ਼ਹਿਰ ਵਿੱਚ ਫਰਵਰੀ ਮਹੀਨੇ ਦੌਰਾਨ ਹੋਈ ਇਕ ਜਬਰਦਸਤੀ ਵਸੂਲੀ (Extortion) ਨਾਲ ਸੰਬੰਧਿਤ ਗੋਲੀਬਾਰੀ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੇ ਅਦਾਲਤ ਵਿੱਚ ਦੋਸ਼ ਕਬੂਲ ਕਰ ਲਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਹਨ।
ਸਰੀ ਪੁਲਿਸ ਸਰਵਿਸ (SPS) ਮੁਤਾਬਕ, 1 ਫਰਵਰੀ 2026 ਨੂੰ ਸਵੇਰੇ ਕਰੀਬ 3:50 ਵਜੇ ਕ੍ਰੈਸੈਂਟ ਬੀਚ ਇਲਾਕੇ ਵਿੱਚ ਇੱਕ ਘਰ ਦੇ ਬਾਹਰ ਗੋਲੀਬਾਰੀ ਅਤੇ ਛੋਟੀ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਉਸ ਵੇਲੇ ਪੁਲਿਸ ਦੀ ਐਂਟੀ-ਐਕਸਟੋਰਸ਼ਨ ਟੀਮ ਪ੍ਰੋਜੈਕਟ ਅਸ਼ੋਰੈਂਸ (Project Assurance) ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਘਟਨਾ ਤੋਂ ਕੁਝ ਸਮੇਂ ਬਾਅਦ ਹੀ ਤਿੰਨਾਂ ਸ਼ੱਕੀਆਂ ਨੂੰ ਨੇੜਲੇ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਜਾਂਚ ਦੌਰਾਨ ਪੁਲਿਸ ਨੇ ਹਰਜੋਤ ਸਿੰਘ (21), ਦਿਆਜੀਤ ਸਿੰਘ ਬਿਲਿੰਗ (21) ਅਤੇ ਤਰਨਵੀਰ ਸਿੰਘ (19) ਖ਼ਿਲਾਫ਼ ਕੇਸ ਦਰਜ ਕੀਤਾ। ਸ਼ੁਰੂ ਵਿੱਚ ਤਿੰਨਾਂ ਉੱਤੇ ਕਿਸੇ ਥਾਂ ਵੱਲ ਗੋਲੀ ਚਲਾਉਣ ਦੇ ਗੰਭੀਰ ਦੋਸ਼ ਲਗਾਏ ਗਏ ਸਨ।
9 ਜੂਨ ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਤਿੰਨਾਂ ਨੇ ਦੋਸ਼ ਕਬੂਲ ਕਰ ਲਏ। ਅਦਾਲਤ ਨੇ:
- ਤਰਨਵੀਰ ਸਿੰਘ ਨੂੰ ਲਾਪਰਵਾਹੀ ਨਾਲ ਗੋਲੀ ਚਲਾਉਣ ਦੇ ਦੋਸ਼ ਹੇਠ 5 ਸਾਲ ਕੈਦ ਦੀ ਸਜ਼ਾ ਸੁਣਾਈ।
- ਦਿਆਜੀਤ ਸਿੰਘ ਬਿਲਿੰਗ ਨੂੰ ਧਮਾਕੇਖੇਜ਼ ਪਦਾਰਥ ਸੁੱਟਣ ਦੇ ਦੋਸ਼ ਵਿੱਚ 27 ਮਹੀਨੇ ਕੈਦ ਦੀ ਸਜ਼ਾ ਮਿਲੀ।
- ਹਰਜੋਤ ਸਿੰਘ ਨੂੰ ਵੀ ਇਸੇ ਦੋਸ਼ ਤਹਿਤ 25 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ।
ਸਰੀ ਪੁਲਿਸ ਨੇ ਕਿਹਾ ਕਿ ਇਹ ਸਜ਼ਾਵਾਂ ਵਿਆਪਕ ਜਾਂਚ ਅਤੇ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ ਸੰਭਵ ਹੋਈਆਂ ਹਨ। ਇਹ ਕਾਰਵਾਈ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵੱਧ ਰਹੀਆਂ ਐਕਸਟੋਰਸ਼ਨ ਘਟਨਾਵਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ।
