Home Canada ਸਕੌਮਿਸ਼ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ...

ਸਕੌਮਿਸ਼ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ, ਹਜ਼ਾਰਾਂ ਸੰਗਤਾਂ ਨੇ ਕੀਤੀ ਸ਼ਮੂਲੀਅਤ

0

ਵੈਨਕੂਵਰ, ਸਰੀ, ਬੀ.ਸੀ. (ਰਵੀ ਕਾਂਤ ਸ਼ਰਮਾ)  20 ਜੂਨ — ਬ੍ਰਿਟਿਸ਼ ਕੋਲੰਬੀਆ ਦੇ ਸੁੰਦਰ ਪਹਾੜਾਂ ਨਾਲ ਘਿਰੇ ਸ਼ਹਿਰ ਸਕੌਮਿਸ਼ ਵਿੱਚ ਅੱਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼ਰਧਾ, ਉਤਸ਼ਾਹ ਅਤੇ ਭਾਰੀ ਧਾਰਮਿਕ ਜਜ਼ਬੇ ਨਾਲ ਸਜਾਇਆ ਗਿਆ।ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਬਾਬਾ ਨਾਨਕ ਸਾਹਿਬ ਸਕੌਮਿਸ਼ ਤੋਂ ਹੋਈ, ਜਿੱਥੇ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਇਆ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ। ਇਹ ਧਾਰਮਿਕ ਜੁਲੂਸ ਵਿਕਟੋਰੀਆ ਸਟਰੀਟ, ਵਿਨੀਪੈਗ ਸਟਰੀਟ, ਕਲੇਵਲੈਂਡ ਐਵਨਿਊ, ਮੇਨ ਸਟਰੀਟ ਅਤੇ ਥਰਡ ਐਵਨਿਊ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।ਰਸਤੇ ਭਰ ਦੌਰਾਨ ਢਾਡੀ ਜਥਿਆਂ, ਕਵੀਸ਼ਰੀ ਗਰੁੱਪਾਂ ਅਤੇ ਧਾਰਮਿਕ ਪ੍ਰਚਾਰਕਾਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਵੱਡੀ ਗਿਣਤੀ ਸੰਗਤਾਂ ਨੇ ਕੇਸਰੀ ਦਸਤਾਰਾਂ ਅਤੇ ਕੇਸਰੀ ਚੁੰਨੀਆਂ ਸਜਾ ਕੇ ਸ਼ਮੂਲੀ ਅਤ ਕੀਤੀ,

ਜਿਸ ਨਾਲ ਪੂਰਾ ਮਾਹੌਲ ਜੈਕਾਰੇ ਦੀ ਗੂੰਜ ਨਾਲ ਖਾਲਸਾਈ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ।ਨਗਰ ਕੀਰਤਨ ਦੌਰਾਨ ਗਤਕਾ ਟੀਮਾਂ ਵੱਲੋਂ ਸਿੱਖ ਮਾਰਸ਼ਲ ਆਰਟਸ ਦੇ ਸ਼ਾਨਦਾਰ ਜੌਹਰ ਪ੍ਰਦਰਸ਼ਿਤ ਕੀਤੇ ਗਏ, ਜਦਕਿ ਬੱਚਿਆਂ ਅਤੇ ਨੌਜਵਾਨਾਂ ਨੇ ਧਾਰਮਿਕ ਝਾਕੀਆਂ ਰਾਹੀਂ ਸਿੱਖ ਇਤਿਹਾਸ ਨੂੰ ਜੀਵੰਤ ਰੂਪ ਵਿੱਚ ਪੇਸ਼ ਕੀਤਾ।ਰਸਤੇ ਦੇ ਦੋਨੋਂ ਪਾਸਿਆਂ ਸਥਾਨਕ ਸਿੱਖ ਸੰਗਤਾਂ ਵੱਲੋਂ ਲੰਗਰਾਂ, ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਹੋਰ ਸੇਵਾਵਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ, ਜੋ ਸੰਗਤਾਂ ਲਈ ਪ੍ਰਸ਼ੰਸਾ ਦਾ ਕੇਂਦਰ ਰਹੇ।

ਸਮਾਗਮ ਦੌਰਾਨ ਪੁਲਿਸ ਅਤੇ ਸਵੈਸੇਵਕਾਂ ਵੱਲੋਂ ਟ੍ਰੈਫਿਕ ਅਤੇ ਸੁਰੱਖਿਆ ਦੇ ਸੁਚਾਰੂ ਪ੍ਰਬੰਧ ਕੀਤੇ ਗਏ, ਜਿਸ ਨਾਲ ਪੂਰਾ ਨਗਰ ਕੀਰਤਨ ਸ਼ਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਪ੍ਰਬੰਧਕਾਂ ਅਨੁਸਾਰ ਹਜ਼ਾਰਾਂ ਸੰਗਤਾਂ ਦੀ ਸ਼ਮੂਲੀਅਤ ਨਾਲ ਇਸ ਸਾਲ ਦਾ ਨਗਰ ਕੀਰਤਨ ਯਾਦਗਾਰੀ ਬਣ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸੇਖੋ ਵੱਲੋਂ ਆਈਆਂ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।

NO COMMENTS

LEAVE A REPLY

Please enter your comment!
Please enter your name here

Exit mobile version