ਵੈਨਕੂਵਰ/ਸਰੀ, ਬੀ.ਸੀ. (ਰਵੀ ਕਾਂਤ ਸ਼ਰਮਾ) – ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਵ. ਗੁਰਦੇਵ ਸਿੰਘ ਮਾਨ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਸਰੀ ਦੇ ਸ਼ਾਹੀ ਕੇਟਰਿੰਗ ਹਾਲ ਵਿੱਚ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਸਾਹਿਤ, ਸੰਗੀਤ ਅਤੇ ਸਭਿਆਚਾਰ ਨਾਲ ਜੁੜੀਆਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੌਰਾਨ ਗੁਰਦੇਵ ਸਿੰਘ ਮਾਨ ਯਾਦਗਾਰੀ ਅਵਾਰਡ ਪ੍ਰਸਿੱਧ ਪੰਜਾਬੀ ਲੇਖਕਾ ਡਾ. ਗੁਰਮਿੰਦਰ ਕੌਰ ਸਿੱਧੂ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਦਿੱਤਾ ਗਿਆ। ਇਸ ਮੌਕੇ ਹਾਜ਼ਰ ਸਾਹਿਤਕਾਰਾਂ ਅਤੇ ਮਹਿਮਾਨਾਂ ਨੇ ਡਾ. ਸਿੱਧੂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ।
ਸਮਾਗਮ ਦੀ ਇੱਕ ਹੋਰ ਵਿਸ਼ੇਸ਼ ਪੇਸ਼ਕਸ਼ ਵਜੋਂ ਸਵ. ਗੁਰਦੇਵ ਸਿੰਘ ਮਾਨ ਦੁਆਰਾ ਲਿਖੇ ਪ੍ਰਸਿੱਧ ਗੀਤ ‘ਜਿੰਦ ਮਾਹੀ’ ਦੀ ਆਡੀਓ ਅਤੇ ਵੀਡੀਓ ਰਿਲੀਜ਼ ਕੀਤੀ ਗਈ। ਇਸ ਗੀਤ ਨੂੰ ਉੱਘੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਨੇ ਆਪਣੀ ਮਿੱਠੀ ਆਵਾਜ਼ ਦਿੱਤੀ ਹੈ। ਗੀਤ ਦੀ ਰਿਲੀਜ਼ ਰਾਹੀਂ ਮਾਨ ਸਾਹਿਬ ਦੀ ਸਾਹਿਤਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ।
ਸਮਾਗਮ ਦੇ ਮੁੱਖ ਬੁਲਾਰੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਗੁਰਦੇਵ ਸਿੰਘ ਮਾਨ ਦੇ ਜੀਵਨ, ਸਾਹਿਤਕ ਯੋਗਦਾਨ ਅਤੇ ਉਨ੍ਹਾਂ ਦੀ ਨਿਡਰ ਸ਼ਖ਼ਸੀਅਤ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮਾਨ ਸਾਹਿਬ ਹਮੇਸ਼ਾ ਹੱਕ ਅਤੇ ਸੱਚ ਦੀ ਗੱਲ ਬੇਬਾਕੀ ਨਾਲ ਕਰਦੇ ਸਨ। ਡਾ. ਧਾਲੀਵਾਲ ਨੇ ਦੱਸਿਆ ਕਿ ਗੁਰਦੇਵ ਸਿੰਘ ਮਾਨ ਨੇ ਇੱਕ ਵਾਰ ਅੰਮ੍ਰਿਤਾ ਪ੍ਰੀਤਮ ਵੱਲੋਂ ਵਾਰਿਸ ਸ਼ਾਹ ਨੂੰ ਆਵਾਜ਼ ਮਾਰਨ ਸਬੰਧੀ ਆਪਣੀ ਨਿਰਭੀਕ ਰਾਏ ਦਿੰਦਿਆਂ ਕਿਹਾ ਸੀ ਕਿ ਜੇ ਅੰਮ੍ਰਿਤਾ ਪ੍ਰੀਤਮ ਵਾਰਿਸ ਸ਼ਾਹ ਦੀ ਥਾਂ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕਰਦੀ ਤਾਂ ਇਹ ਹੋਰ ਉਚਿਤ ਹੁੰਦਾ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਿਆਟਲ ਤੋਂ ਪਹੁੰਚੇ ਸਾਹਿਤਕਾਰ ਹਰਦਿਆਲ ਸਿੰਘ ਚੀਮਾ, ਗੁਰਦੇਵ ਸਿੰਘ ਮਾਨ ਦੇ ਸਪੁੱਤਰ ਰਾਜਬੀਰ ਸਿੰਘ ਮਾਨ, ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਅਤੇ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਸ਼ਾਮਲ ਸਨ। ਸਮਾਗਮ ਦਾ ਸਫ਼ਲ ਸੰਚਾਲਨ ਸੰਸਥਾ ਦੇ ਸਕੱਤਰ ਪ੍ਰੀਤਪਾਲ ਸਿੰਘ ਗਿੱਲ ਵੱਲੋਂ ਕੀਤਾ ਗਿਆ। ਸਾਹਿਤਕ ਪ੍ਰੋਗਰਾਮ ਨੂੰ ਕਵੀਸ਼ਰੀ ਦੇ ਰੰਗਾਂ ਨਾਲ ਚਮਕੌਰ ਸਿੰਘ ਸੇਖੋਂ ਨੇ ਹੋਰ ਵੀ ਰੌਣਕ ਬਖ਼ਸ਼ੀ। ਮਰਹੂਮ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦੇ ਪੋਤਰੇ ਵਿਜੇ ਯਮਲਾ ਨੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ “ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ” ਧਾਰਮਿਕ ਗੀਤ ਨਾਲ ਕਰਕੇ ਹਾਜ਼ਰੀਨ ਨੂੰ ਗਹਿਰੇ ਰੂਹਾਨੀ ਰੰਗ ਵਿੱਚ ਰੰਗ ਦਿੱਤਾ।
ਸਾਹਿਤ, ਸੰਗੀਤ, ਕਵਿਤਾ ਅਤੇ ਪੰਜਾਬੀਅਤ ਨੂੰ ਸਮਰਪਿਤ ਇਹ ਸਮਾਗਮ ਉੱਥੇ ਸ਼ਾਮਿਲ ਲੋਕਾਂ ਦੇ ਮਨਾਂ ‘ਤੇ ਡੂੰਘੀ ਛਾਪ ਛੱਡ ਗਿਆ ਅਤੇ ਸਵ. ਗੁਰਦੇਵ ਸਿੰਘ ਮਾਨ ਦੀਆਂ ਸਾਹਿਤਕ ਸੇਵਾਵਾਂ ਨੂੰ ਯਾਦ ਕਰਦਿਆਂ ਇੱਕ ਯਾਦਗਾਰ ਸ਼ਾਮ ਬਣ ਕੇ ਸਮਾਪਤ ਹੋਇਆ।