ਓਟਵਾ, 22 ਅਪ੍ਰੈਲ (ਬਿਊਰੋ): ਓਟਵਾ ਵਿੱਚ ਹਾਊਸ ਐਥਿਕਸ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਵਿੱਤ ਮੰਤਰੀ ਫਰੈਂਕੋਆ ਫਿਲਿਪ ਸ਼ੈਂਪੇਨ ਨੂੰ ਆਲਟੋ ਹਾਈ ਸਪੀਡ ਰੇਲ ਪ੍ਰੋਜੈਕਟ ਨਾਲ ਆਪਣੇ ਸਬੰਧਾਂ ਬਾਰੇ ਸਵਾਲਾਂ ਦੇ ਜਵਾਬ ਦੇਣ ਲਈ ਬੁਲਾਇਆ ਜਾਵੇਗਾ। ਲਿਬਰਲ ਮੈਂਬਰਾਂ ਨੇ ਇਸ ਗੱਲ ‘ਤੇ ਕਾਫ਼ੀ ਸਮੇਂ ਤੱਕ ਚਰਚਾ ਕੀਤੀ ਕਿ ਮੰਤਰੀ ਅਤੇ ਐਥਿਕਸ ਕਮਿਸ਼ਨਰ ਨੂੰ ਕਮੇਟੀ ਅੱਗੇ ਪੇਸ਼ ਕੀਤਾ ਜਾਵੇ ਜਾਂ ਨਹੀਂ। ਸ਼ੈਂਪੇਨ ਨੇ ਪਿਛਲੇ ਸਤੰਬਰ ਵਿੱਚ ਇਸ ਪ੍ਰੋਜੈਕਟ ਨਾਲ ਜੁੜੇ ਫੈਸਲਿਆਂ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ, ਕਿਉਂਕਿ ਉਸ ਦੀ ਸਾਥੀ ਆਲਟੋ ਵਿੱਚ ਵਾਈਸ-ਪ੍ਰੈਜ਼ੀਡੈਂਟ ਬਣ ਗਈ ਸੀ।ਇਹ ਕਰਾਉਨ ਕਾਰਪੋਰੇਸ਼ਨ ਟੋਰਾਂਟੋ ਤੋਂ ਕਿਊਬੈਕ ਸਿਟੀ ਤੱਕ ਲਗਭਗ 90 ਬਿਲੀਅਨ ਡਾਲਰ ਦੇ ਹਾਈ-ਸਪੀਡ ਰੇਲ ਪ੍ਰੋਜੈਕਟ ਲਈ ਜ਼ਿੰਮੇਵਾਰ ਹੈ। ਐਥਿਕਸ ਕਮਿਸ਼ਨਰ ਨੇ ਕਿਹਾ ਹੈ ਕਿ ਮੰਤਰੀ ਕਿਸੇ ਵੀ ਹਿਤਾਂ ਦੇ ਟਕਰਾਅ ਵਿੱਚ ਨਹੀਂ ਹਨ। ਹਾਲਾਂਕਿ, ਕੰਜ਼ਰਵੇਟਿਵ ਐਥਿਕਸ ਆਲੋਚਕ ਮਾਈਕਲ ਬੈਰੇਟ ਦਾ ਕਹਿਣਾ ਹੈ ਕਿ ਇਹ ਮਾਮਲਾ ਦਿਖਾਉਂਦਾ ਹੈ ਕਿ ਦੇਸ਼ ਦੇ ਕੌਨਫਲਿਕਟ ਆਫ ਇੰਟਰਸਟ ਨਿਯਮ ਕਾਫ਼ੀ ਮਜ਼ਬੂਤ ਨਹੀਂ ਹਨ।







