ਟੋਰਾਂਟੋ, 22 ਅਪ੍ਰੈਲ (ਨਿਊਜ਼ ਡੈਸਕ): ਸਰਕਾਰ ਨੇ ਖੇਤੀਬਾੜੀ ਜ਼ਮੀਨ ਦੀ ਵਿਦੇਸ਼ੀ ਮਲਕੀਅਤ `ਤੇ ਸਖ਼ਤ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਕਦਮ ਕੈਨੇਡਾ ਦੇ ਹੋਰ ਸੂਬਿਆਂ ਜਿਵੇਂ Quebec, Alberta, Saskatchewan ਅਤੇ Manitoba ਦੇ ਮਾਡਲ ਨੂੰ ਫਾਲੋ ਕਰਦਾ ਹੈ।
ਖੇਤੀਬਾੜੀ ਮੰਤਰੀ ਟ੍ਰੇਵਰ ਜੋਨਜ਼ ਵੱਲੋਂ ਬੁੱਧਵਾਰ ਨੂੰ ਕਵੀਨਜ਼ ਪਾਰਕ `ਚ ਨਵਾਂ ਕਾਨੂੰਨ ਪੇਸ਼ ਕਰਨ ਦੀ ਉਮੀਦ ਹੈ। ਇਸ ਕਾਨੂੰਨ ਦਾ ਮਕਸਦ ਵਿਦੇਸ਼ੀ ਨਿਵੇਸ਼ਕਾਰਾਂ ਵੱਲੋਂ ਜ਼ਮੀਨ ਦੀਆਂ ਕੀਮਤਾਂ ਨੂੰ ਵਧਾਉਣ ਤੋਂ ਰੋਕਣਾ ਹੈ।
ਟ੍ਰੇਵਰ ਜੋਨਜ਼ ਨੇ ਕਿਹਾ ਕਿ ਇਹ ਪਾਬੰਦੀਆਂ ਓਂਟਾਰੀਓ ਦੀ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਲਿਆਂਦੀਆਂ ਜਾ ਰਹੀਆਂ ਹਨ, ਤਾਂ ਜੋ ਭਵਿੱਖ ਵਿੱਚ ਸੂਬਾ ਆਪਣੀ ਖੁਦ ਦੀ ਫੂਡ ਦੀ ਸਪਲਾਈ ਬਰਕਰਾਰ ਰੱਖ ਸਕੇ। ਉਨ੍ਹਾਂ ਅਨੁਸਾਰ, ਜ਼ਮੀਨ ਸਿਰਫ਼ ਕਿਸੇ ਵਿਦੇਸ਼ੀ ਕੰਪਨੀ ਦੀ ਸੰਪਤੀ ਨਾ ਬਣੇ, ਸਗੋਂ ਲੋਕਾਂ ਲਈ ਖੁਰਾਕ ਉਤਪਾਦਨ ਵਿੱਚ ਵਰਤੀ ਜਾਵੇ।
ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਕੈਨੇਡਾ ਦੇ ਹੋਰ ਸੂਬਿਆਂ ਨਾਲ ਮੇਲ ਖਾਂਦਾ ਹੋਵੇਗਾ। ਉਦਾਹਰਣ ਵਜੋਂ, ਅਲਬਰਟਾ ਵਿੱਚ ਵਿਦੇਸ਼ੀ ਖਰੀਦਦਾਰਾਂ ਨੂੰ ਸਿਰਫ਼ 20 ਏਕੜ ਤੱਕ ਜ਼ਮੀਨ ਖਰੀਦਣ ਦੀ ਇਜਾਜ਼ਤ ਹੈ, ਜਦਕਿ ਕਿਊਬੈਕ ਵਿੱਚ ਖਰੀਦ ਤੋਂ ਪਹਿਲਾਂ ਸਰਕਾਰੀ ਮਨਜ਼ੂਰੀ ਲਾਜ਼ਮੀ ਹੈ।







