Home ਪੰਜਾਬ ਪੰਜਾਬ ਦੇ 5 ਸ਼ਹਿਰਾਂ ’ਚ ਨਗਰ ਨਿਗਮ ਦੀਆਂ ਚੋਣਾਂ ਲਈ ਵੋਟਿੰਗ ਹੋਈ...

ਪੰਜਾਬ ਦੇ 5 ਸ਼ਹਿਰਾਂ ’ਚ ਨਗਰ ਨਿਗਮ ਦੀਆਂ ਚੋਣਾਂ ਲਈ ਵੋਟਿੰਗ ਹੋਈ ਸ਼ੁਰੂ

0

ਜਲੰਧਰ: ਪੰਜਾਬ ਦੇ 5 ਸ਼ਹਿਰਾਂ ’ਚ ਨਗਰ ਨਿਗਮ ਦੀਆਂ ਚੋਣਾਂ (Municipal Corporation Elections) ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਲੋਕ ਪੋਲਿੰਗ ਬੂਥਾਂ ‘ਤੇ ਪਹੁੰਚ ਚੁੱਕੇ ਹਨ। ਚੋਣਾਂ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੀ ਅੱਜ ਸ਼ਾਮ ਨੂੰ ਹੀ ਹੋ ਜਾਵੇਗਾ, ਕਿਉਂਕਿ ਪੋਲਿੰਗ ਤੋਂ ਬਾਅਦ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਕੁਝ ਦੇਰ ਬਾਅਦ ਹੀ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।

ਪੰਜਾਬ ਦੇ 5 ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ’ਚ ਨਗਰ ਨਿਗਮ ਚੋਣ ਹੋ ਰਹੀ ਹੈ। ਇਸ ਤੋਂ ਇਲਾਵਾ 44 ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ ਲਈ ਵੀ ਵੋਟਿੰਗ ਹੋ ਰਹੀ ਹੈ, ਜਿਨ੍ਹਾਂ ਦੇ 398 ਵਾਰਡਾਂ ’ਚ ਚੋਣ ਹੋਣ ਜਾ ਰਹੀ ਹੈ। ਇਨ੍ਹਾਂ ’ਚ ਕਈ ਜਗ੍ਹਾ ਉਪ ਚੋਣ ਵੀ ਸ਼ਾਮਲ ਹੈ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਉਸ ਦੇ ਤੁਰੰਤ ਬਾਅਦ ਕਾਊਟਿੰਗ ਸ਼ੁਰੂ ਹੋ ਜਾਵੇਗੀ, ਜਿਸ ਮਗਰੋਂ ਦੇਰ ਸ਼ਾਮ ਤੱਕ ਇਹ ਤਸਵੀਰ ਸਾਫ ਹੋ ਜਾਵੇਗੀ ਕਿ ਪੰਜਾਬ ਦੇ 5 ਵੱਡੇ ਸ਼ਹਿਰਾਂ ਦੇ ਨਗਰ ਨਿਗਮਾਂ ’ਚ ਕਿਸ ਪਾਰਟੀ ਦੇ ਮੇਅਰ ਬਣਨਗੇ।

ਇਹ ਹੈ ਵਾਰਡਾਂ ਦੀ ਗਿਣਤੀ
ਲੁਧਿਆਣਾ : 95

ਜਲੰਧਰ : 85

ਅੰਮ੍ਰਿਤਸਰ : 85

ਪਟਿਆਲਾ : 60

ਫਗਵਾੜਾ : 50

ਸਰਕਾਰ ਵੱਲੋਂ ਕੀਤਾ ਗਿਆ ਛੁੱਟੀ ਦਾ ਐਲਾਨ
ਜਿਸ ਜਗ੍ਹਾ ’ਤੇ ਨਗਰ ਨਿਗਮ, ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ ਲਈ ਵੀ ਵੋਟਿੰਗ ਹੋਵੇਗੀ, ਉਥੇ ਸਰਕਾਰ ਵੱਲੋਂ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ ਤੋਂ ਇਲਾਵਾ ਪ੍ਰਾਈਵੇਟ ਸੈਕਟਰ ’ਚ ਸ਼ਾਮਲ ਆਫਿਸ, ਮਾਰਕੀਟ, ਫੈਕਟਰੀ ਆਦਿ ਦੇ ਲਈ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੋ ਲੋਕ ਉਨ੍ਹਾਂ ਸ਼ਹਿਰਾਂ ਤੋਂ ਬਾਹਰ ਕੰਮ ਕਰਦੇ ਹਨ, ਉਹ ਵੋਟ ਪਾਉਣ ਲਈ ਵੋਟਰ ਕਾਰਡ ਪੇਸ਼ ਕਰ ਕੇ ਆਪਣੇ ਸੰਸਥਾਨ ਤੋਂ ਛੁੱਟੀ ਲੈ ਸਕਦੇ ਹਨ। ਇਸ ਦੇ ਲਈ ਨੋਟੀਫਿਕੇਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਬਾਅਦ ਬਕਾਇਦਾ ਚੀਫ ਸੈਕਟਰੀ ਵੱਲੋਂ ਵੀ ਜਾਰੀ ਕੀਤਾ ਗਿਆ ਹੈ।

ਇਨ੍ਹਾਂ ਥਾਵਾਂ ‘ਤੇ ਰੱਦ ਹੋਈਆਂ ਵੋਟਾਂ
ਪਟਿਆਲਾ ਨਗਰ ਨਿਗਮ ਚੋਣਾਂ ਫਿਲਹਾਲ ਰੱਦ ਕਰ ਦਿੱਤੀਆਂ ਗਈਆਂ ਹਨ। ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਅੱਜ ਹੋਣ ਵਾਲੀਆਂ ਪਟਿਆਲਾ ਨਿਗਮ ਚੋਣਾਂ ਲਈ 7 ਤੋਂ 8 ਵਾਰਡਾਂ ਲਈ ਫਿਲਹਾਲ ਵੋਟਿੰਗ ਨਹੀਂ ਹੋਵੇਗੀ। ਇਸ ਦੇ ਨਾਲ ਹੀ ਧਰਮਕੋਟ ਦੇ 8 ਵਾਰਡਾਂ ਵਿਚ ਵੋਟਿੰਗ ਨਹੀਂ ਹੋਵੇਗੀ। ਜਦਕਿ ਪੰਜਾਬ ਦੀਆਂ ਬਾਕੀ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਪੋਲਿੰਗਅੱਜ ਸਵੇਰੇ ਤੈਅ ਸਮੇਂ ਅਨੁਸਾਰ ਹੀ ਹੋ ਰਹੀ ਹੈ।

ਦੱਸ ਦਈਏ ਕਿ ਪਟਿਆਲਾ ਵਿਚ ਐੱਮ.ਸੀ. ਚੋਣਾਂ ਲਈ ਨਾਮਜ਼ਦਗੀ ਪੱਤਰ ਖੋਹਣ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਹੁੰਚਿਆ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਸਖ਼ਤੀ ਕੀਤੀ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਫ਼ੈਸਲਾ ਆਉਣ ਤੱਕ ਸਟੇਅ ਲਗਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 12 ਦਸੰਬਰ ਨੂੰ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ। ਇਸ ਦੌਰਾਨ ਇੱਕ ਔਰਤ ਪਟਿਆਲਾ ਦੇ ਐੱਮ.ਸੀ. ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਆਈ ਸੀ, ਜਿਸ ਕਾਰਨ ਵਿਰੋਧੀ ਧਿਰ ਨੇ ਜ਼ਬਰਦਸਤੀ ਨਾਮਜ਼ਦਗੀ ਪੱਤਰ ਖੋਹ ਲਏ ਅਤੇ ਪਾੜ ਦਿੱਤੇ, ਜਿਸ ਖ਼ਿਲਾਫ਼ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ਸੰਬੰਧੀ ਵੱਖ-ਵੱਖ ਪਟੀਸ਼ਨਾਂ ਕੋਰਟ ਵਿਚ ਗਈਆਂ ਸਨ। ਜਿਸ ਕਾਰਨ ਹਾਈ ਕੋਰਟ ਨੇ ਪਟਿਆਲਾ ਦੇ 7 ਤੋਂ 8 ਵਾਰਡਾਂ ਦੀ ਚੋਣ ਸਣੇ ਧਰਮਕੋਟ ਦੇ 8 ਵਾਰਡਾਂ ਵਿੱਚ ਹੋਣ ਵਾਲੀਆਂ ਚੋਣਾਂ ‘ਤੇ ਰੋਕ ਲਗਾ ਦਿੱਤੀ ਸੀ।

NO COMMENTS

LEAVE A REPLY

Please enter your comment!
Please enter your name here

Exit mobile version