ਅੰਮ੍ਰਿਤਸਰ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ, ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਆਮ ਆਦਮੀ ਕਲੀਨਿਕਾਂ ਦੇ ਸਾਰੇ ਮੈਡੀਕਲ ਅਫਸਰਾਂ ਲਈ ਸਿਖਲਾਈ ਦਿੱਤੀ। ਇਸ ਮੌਕੇ ‘ਤੇ ਬੋਲਦਿਆਂ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਕਿਹਾ ਕਿ ਹੁਣ ਗਰਭਵਤੀ ਔਰਤਾਂ ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਚੈੱਕਅਪ, ਟੈਸਟ ਅਤੇ ਇਲਾਜ ਕਰਵਾ ਸਕਣਗੀਆਂ।
ਇਸ ਮੌਕੇ ‘ਤੇ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਦੇ ਸਾਰੇ ਡਾਕਟਰਾਂ ਨੂੰ ਜਣੇਪਾ ਸਿਹਤ ਬਾਰੇ ਇੱਕ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਉੱਚ-ਜੋਖਮ ਵਾਲੀ ਗਰਭ ਅਵਸਥਾ, ਅਨੀਮੀਆ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਪਿਛਲੀ ਸਿਜੇਰੀਅਨ, ਜੁੜਵਾਂ ਗਰਭ ਅਵਸਥਾ ਅਤੇ ਹੋਰ ਗੰਭੀਰ ਬਿਮਾਰੀਆਂ ਵਾਲੇ ਜਣੇਪਾ ਮਾਮਲਿਆਂ ਦੇ ਇਲਾਜ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸਦਾ ਮੁੱਖ ਉਦੇਸ਼ ਮਾਵਾਂ ਦੀ ਮੌਤ ਦੇ ਮਾਮਲਿਆਂ ਨੂੰ ਘਟਾਉਣਾ ਹੈ।
ਆਮ ਆਦਮੀ ਕਲੀਨਿਕ ਵਿੱਚ ਇਸ ਸਹੂਲਤ ਨਾਲ, ਗਰਭਵਤੀ ਔਰਤਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਜਣੇਪੇ ਤੋਂ ਪਹਿਲਾਂ ਦੇਖਭਾਲ ਮਿਲਣੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਗਰਭਵਤੀ ਔਰਤਾਂ ਦੇ ਸਾਰੇ ਟੈਸਟ, ਦਵਾਈਆਂ ਅਤੇ ਅਲਟਰਾਸਾਊਂਡ ਵੀ ਮੁਫ਼ਤ ਉਪਲਬਧ ਹੋਣਗੇ।