ਮੋਹਾਲੀ: ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ (The district administration Mohali)ਨੇ ਮੈਚ ਦੇਖਣ ਵਾਲੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਸਮੇਂ ਤੋਂ ਪਹਿਲਾਂ ਨਵੇਂ ਕ੍ਰਿਕਟ ਸਟੇਡੀਅਮ ਮੁੱਲਾਂਪੁਰ (Cricket Stadium Mullanpur) ਵਿੱਚ ਪੁੱਜਣ ਅਤੇ ਕਿਸੇ ਵੀ ਤਰ੍ਹਾਂ ਦੀ ਭੀੜ ਦੀ ਸਥਿਤੀ ਤੋਂ ਬਚਣ ਲਈ ਨਿਰਧਾਰਤ ਸਮੇਂ ਤੋਂ ਪਹਿਲਾਂ ਪਹੁੰਚਣ। ਡੀ.ਸੀ. ਆਸ਼ਿਕਾ ਜੈਨ ਨੇ ਕਿਹਾ ਕਿ ਪਿਛਲੇ ਮੈਚਾਂ ‘ਚ ਦੇਖਿਆ ਗਿਆ ਹੈ ਕਿ ਦਰਸ਼ਕਾਂ ਨੂੰ ਸਲਾਹ ਦੇਣ ਦੇ ਬਾਵਜੂਦ ਆਖਰੀ ਪਲਾਂ ਦੀ ਆਮਦ ਸਾਰਿਆਂ ਲਈ ਮੁਸ਼ਕਲਾਂ ਖੜ੍ਹੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਮੈਚ ਸ਼ੁਰੂ ਹੋਣ ਤੋਂ ਤਿੰਨ ਘੰਟੇ ਪਹਿਲਾਂ ਐਂਟਰੀ ਗੇਟ ਖੋਲ੍ਹ ਦਿੱਤੇ ਜਾਂਦੇ ਹਨ। ਇਸ ਲਈ ਸਾਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਪਹੁੰਚਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਨੇੜਲੇ ਇਲਾਕੇ ਦੇ ਰੋਜ਼ਾਨਾ ਆਉਣ-ਜਾਣ ਵਾਲਿਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਮੈਚ ਵਾਲੇ ਦਿਨ ਸ਼ਾਮ 4 ਵਜੇ ਤੋਂ ਬਾਅਦ ਪੀ.ਆਰ. -4 ਸੜਕ ਦੀ ਵਰਤੋਂ ਨਾ ਕਰੋ। ਇਸ ਦੀ ਬਜਾਏ, ਕਿਸੇ ਵੀ ਟ੍ਰੈਫਿਕ ਜਾਮ ਤੋਂ ਬਚਣ ਲਈ ਮੁੱਲਾਂਪੁਰ ਬੈਰੀਅਰ ਰੋਡ ਉਨ੍ਹਾਂ ਲਈ ਸਭ ਤੋਂ ਵਧੀਆ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਐਸ.ਐਸ.ਪੀ ਡਾ: ਸੰਦੀਪ ਗਰਗ ਦੀ ਅਗਵਾਈ ‘ਚ ਜ਼ਿਲ੍ਹਾ ਪੁਲਿਸ ਇਸ ਹਫੜਾ-ਦਫੜੀ ਨੂੰ ਘੱਟ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਸਟੇਡੀਅਮ ਨੂੰ ਜਾਣ ਵਾਲੀ ਇੱਕ ਹੀ ਮੁੱਖ ਸੜਕ ਅਤੇ ਵੱਡੀ ਗਿਣਤੀ ‘ਚ ਦਰਸ਼ਕਾਂ ਦੀ ਭੀੜ ਹੋਣ ਕਾਰਨ ਸਾਰੇ ਪ੍ਰਬੰਧ ਨਾਕਾਫ਼ੀ ਹਨ। ਉਨ੍ਹਾਂ ਦਰਸ਼ਕਾਂ ਨੂੰ ਸਟੇਡੀਅਮ ਪ੍ਰਬੰਧਕਾਂ ਵੱਲੋਂ ਆਰਜ਼ੀ ਤੌਰ ’ਤੇ ਪ੍ਰਬੰਧ ਕੀਤੇ ਪਾਰਕਿੰਗ ਸਥਾਨਾਂ ਵਿੱਚ ਆਪਣੇ ਵਾਹਨ ਪਾਰਕ ਕਰਕੇ ਸਮੇਂ ਸਿਰ ਸਟੇਡੀਅਮ ਵਿੱਚ ਦਾਖਲ ਹੋਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇੱਥੇ ਹੋਣ ਵਾਲੇ ਨਿਰਧਾਰਿਤ ਕ੍ਰਿਕਟ ਮੈਚਾਂ ਤੋਂ ਪਹਿਲਾਂ ਨੇੜਲੀਆਂ ਸੜਕਾਂ ਨੂੰ ਜਾਮ ਕਰਨ ਲਈ ਟ੍ਰੈਫਿਕ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ।