ਫਤਿਹਗੜ੍ਹ ਸਾਹਿਬ : ਸਰਹਿੰਦ-ਪਟਿਆਲਾ ਰੋਡ (Sirhind-Patiala-Road) ‘ਤੇ ਪਿੰਡ ਨਲਿਨੀ ਨੇੜੇ ਹੋਏ ਭਿਆਨਕ ਸੜਕ ਹਾਦਸੇ ‘ਚ ਪਤੀ-ਪਤਨੀ ਦੀ ਮੌਤ ਹੋ ਗਈ। ਇਸ ਘਟਨਾ ‘ਚ 6 ਔਰਤਾਂ ਸਮੇਤ 7 ਲੋਕ ਗੰਭੀਰ ਜ਼ਖਮੀ ਹੋ ਗਏ ਹਨ।
ਜਾਣਕਾਰੀ ਮੁਤਾਬਕ ਥਾਣਾ ਮੂਲੇਪੁਰ ਦੇ ਐੱਸ.ਐੱਚ.ਓ ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਨੌ ਲੱਖਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਨੇ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਦੇ ਲੜਕੇ ਮਨਦੀਪ ਸਿੰਘ ਦਾ ਵਿਆਹ 12 ਮਈ ਨੂੰ ਸੀ ਅਤੇ ਵਿਆਹ ਤੋਂ ਬਾਅਦ ਬੀਤੀ ਸ਼ਾਮ 12 ਮਈ ਨੂੰ ਪੈਲੇਸ ਨਲਿਨੀ ਵਿਖੇ ਇੱਕ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਉਹ ਆਪਣੀ ਕਾਰ ਵਿੱਚ ਪਿੰਡ ਨੌਲੱਖਾ ਤੋਂ ਨਲਿਨੀ ਪੈਲੇਸ ਵੱਲ ਜਾ ਰਿਹਾ ਸੀ ਤਾਂ ਉਸ ਦੇ ਅੱਗੇ ਇੱਕ ਇਨੋਵਾ ਕਾਰ ਪੀ.ਬੀ.11ਏ. ਐਚ 1313 ਸੀ, ਜਿਸ ਨੂੰ ਡਰਾਈਵਰ ਬਹਾਦਰ ਸਿੰਘ ਚਲਾ ਰਿਹਾ ਸੀ।
ਇਸ ਦੌਰਾਨ ਜਦੋਂ ਇਨੋਵਾ ਕਾਰ ਨਿਊ ਵੈਸ਼ਨੋ ਫੈਮਿਲੀ ਢਾਬਾ ਪਿੰਡ ਨਲਿਨੀ ਨੂੰ ਪਾਰ ਕਰਕੇ ਨਾਰੇਲੀ ਕੱਟ ਕੋਲ ਪਹੁੰਚੀ ਤਾਂ ਸਰਹਿੰਦ ਵੱਲੋਂ ਆ ਰਹੇ ਕੈਂਟਰ ਨੰਬਰ ਪੀ.ਬੀ 11 ਸੀ.ਆਰ 9613 ਨੇ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਕੈਂਟਰ ਚਾਲਕ ਕੈਂਟਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ ਵਿੱਚ ਸੁਨੀਤਾ ਅਤੇ ਦਿਲਵਾਰਾ ਸਿੰਘ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਹਰਵਿੰਦਰ ਕੌਰ, ਰਣਧੀਰ ਕੌਰ, ਗੁਰਮੀਤ ਕੌਰ, ਮੀਨਾ ਦੇਵੀ, ਅਰਸ਼ਦੀਪ ਕੌਰ, ਰਮਨਦੀਪ ਕੌਰ ਅਤੇ ਡਰਾਈਵਰ ਬਹਾਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਹਿੰਦ ਪਟਿਆਲਾ ਰੋਡ ’ਤੇ ਜਾਮ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ’ਤੇ ਦੋਸ਼ ਲਾਏ।
ਸੁਨੀਤਾ ਅਤੇ ਦਿਲਵਾਰਾ ਸਿੰਘ ਦੀਆਂ ਲਾਸ਼ਾਂ ਦਾ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਕੈਂਟਰ ਚਾਲਕ ਖ਼ਿਲਾਫ਼ ਥਾਣਾ ਮੂਲੇਪੁਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਬਲਵਿੰਦਰ ਸਿੰਘ ਕਰ ਰਹੇ ਹਨ।