Home Punjab ਪਟਿਆਲਾ ਦੇ ਵੱਕਾਰੀ ਰਾਜਿੰਦਰਾ ਜਿਮਖਾਨਾ ਕਲੱਬ ਦੀਆਂ 19 ਦਸੰਬਰ ਨੂੰ ਪੈਣਗੀਆਂ ਵੋਟਾਂ

ਪਟਿਆਲਾ ਦੇ ਵੱਕਾਰੀ ਰਾਜਿੰਦਰਾ ਜਿਮਖਾਨਾ ਕਲੱਬ ਦੀਆਂ 19 ਦਸੰਬਰ ਨੂੰ ਪੈਣਗੀਆਂ ਵੋਟਾਂ

0

ਪਟਿਆਲਾ, 28 ਨਵੰਬਰ : ਸ਼ਾਹੀ ਸ਼ਹਿਰ ਪਟਿਆਲਾ ਦੇ ਸਭ ਤੋਂ ਪੁਰਾਣੇ ਅਤੇ ਵੱਕਾਰੀ ਰਾਜਿੰਦਰਾ ਜਿਮਖਾਨਾ ਅਤੇ ਮਹਿੰਦਰਾ ਕਲੱਬ (ਆਰ.ਜੀ.ਐੱਮ.ਸੀ.) ਦੀ ਸਾਲਾਨਾ ਚੋਣ ਪ੍ਰਕਿਰਿਆ ਦਾ ਐਲਾਨ ਹੁੰਦਿਆਂ ਹੀ ਕਲੱਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਕਲੱਬ ਦੇ ਕੁੱਲ 12 ਅਹੁਦਿਆਂ—ਜਿਨ੍ਹਾਂ ਵਿੱਚ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਜੁਆਇੰਟ ਸਕੱਤਰ ਅਤੇ ਖ਼ਜ਼ਾਨਚੀ ਸਮੇਤ ਕਾਰਜਕਾਰਨੀ ਕਮੇਟੀ ਦੇ 7 ਮੈਂਬਰ ਸ਼ਾਮਲ ਹਨ—ਲਈ 19 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ 20 ਦਸੰਬਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਚੋਣ ਸ਼ਡਿਊਲ ਮੁਤਾਬਕ ਨਾਮਜ਼ਦਗੀ ਪੱਤਰ 1 ਅਤੇ 2 ਦਸੰਬਰ ਨੂੰ ਦਾਖ਼ਲ ਕੀਤੇ ਜਾਣਗੇ, 3 ਦਸੰਬਰ ਨੂੰ ਇਨ੍ਹਾਂ ਦੀ ਪੜਤਾਲ ਹੋਵੇਗੀ, ਜਦਕਿ 5 ਦਸੰਬਰ ਤੱਕ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਣਗੇ। ਕਲੱਬ ਦੇ ਕਰੀਬ 2900 ਵੋਟਰ ਮੈਂਬਰਾਂ ਵੱਲੋਂ ਇਸ ਵਾਰ ਫਰੈਂਡਸ਼ਿਪ ਐਂਡ ਡੈਮੋਕ੍ਰੇਟਿਕ ਗਰੁੱਪ ਅਤੇ ਵਿਜ਼ਨਰੀ ਗੁੱਡਵਿੱਲ ਗਰੁੱਪ ਵਿਚਾਲੇ ਹੋਣ ਵਾਲੇ ਸਿੱਧੇ ਅਤੇ ਫਸਵੇਂ ਮੁਕਾਬਲੇ ‘ਤੇ ਨਜ਼ਰਾਂ ਟਿਕੀਆਂ ਹੋਈਆਂ ਹਨ।

ਚੋਣ ਮੈਦਾਨ ਵਿੱਚ ਫਰੈਂਡਸ਼ਿਪ ਐਂਡ ਡੈਮੋਕ੍ਰੇਟਿਕ ਗਰੁੱਪ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਵਿਕਾਸ ਪੁਰੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਿਨ੍ਹਾਂ ਨੇ ਮੈਂਬਰਾਂ ਨਾਲ ਰਾਬਤਾ ਮੁਹਿੰਮ ਤੇਜ਼ ਕਰਦਿਆਂ ਕਲੱਬ ਦੇ ਸਰਬਪੱਖੀ ਵਿਕਾਸ ਦੇ ਨਾਂ ‘ਤੇ ਜਿੱਤ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ, ਕਲੱਬ ਦੀ ਸੱਤਾ ‘ਤੇ ਕਾਬਜ਼ ਵਿਜ਼ਨਰੀ ਗੁੱਡਵਿੱਲ ਗਰੁੱਪ ਵੱਲੋਂ ਮੌਜੂਦਾ ਪ੍ਰਧਾਨ ਐਡਵੋਕੇਟ ਸ਼ੇਰਬੀਰ ਸਿੰਘ ਮੁੜ ਆਪਣੀ ਟੀਮ ਸਮੇਤ ਚੋਣ ਲੜ ਰਹੇ ਹਨ, ਜਿਨ੍ਹਾਂ ਦੇ ਪੈਨਲ ਵਿੱਚ ਉਪ ਪ੍ਰਧਾਨ ਲਈ ਇੰਜੀਨੀਅਰ ਪਰਮਜੀਤ ਗੋਇਲ, ਆਨਰੇਰੀ ਸਕੱਤਰ ਲਈ ਇੰਜੀਨੀਅਰ ਐੱਮ.ਐੱਮ. ਸਿਆਲ, ਜੁਆਇੰਟ ਸਕੱਤਰ ਲਈ ਇੰਜੀਨੀਅਰ ਸੰਜੇ ਸੇਠ ਅਤੇ ਖ਼ਜ਼ਾਨਚੀ ਵਜੋਂ ਡਾ. ਨੀਰਜ ਗੋਇਲ ਨੂੰ ਉਤਾਰਿਆ ਗਿਆ ਹੈ।

ਇਸੇ ਦੌਰਾਨ ਕਲੱਬ ਪ੍ਰਬੰਧਕਾਂ ਅਤੇ ਚੋਣ ਅਧਿਕਾਰੀਆਂ ਵੱਲੋਂ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਸਿਰਫ਼ ਸਥਾਈ ਮੈਂਬਰ ਹੀ ਚੋਣ ਲੜਨ ਅਤੇ ਵੋਟ ਪਾਉਣ ਦੇ ਯੋਗ ਹੋਣਗੇ। ਉਮੀਦਵਾਰ ਦਾ ਜ਼ਿਲ੍ਹਾ ਪਟਿਆਲਾ ਦਾ ਵਸਨੀਕ ਹੋਣਾ ਅਤੇ ਘੱਟੋ-ਘੱਟ ਪੰਜ ਸਾਲ ਤੋਂ ਕਲੱਬ ਦਾ ਮੈਂਬਰ ਹੋਣਾ ਲਾਜ਼ਮੀ ਹੈ, ਜਦਕਿ ਵੋਟ ਪਾਉਣ ਦੇ ਇੱਛੁਕ ਮੈਂਬਰਾਂ ਲਈ 12 ਦਸੰਬਰ ਤੱਕ ਕਲੱਬ ਦੇ ਸਾਰੇ ਬਕਾਏ ਜਮ੍ਹਾਂ ਕਰਵਾ ਕੇ ‘ਐੱਨ.ਓ.ਸੀ.’ (ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਹਾਸਲ ਕਰਨਾ ਜ਼ਰੂਰੀ ਹੋਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version