Home National ਸੁਪਰੀਮ ਕੋਰਟ ਨੇ ਐੱਫ.ਐੱਸ.ਐੱਸ.ਏ.ਆਈ. ਨੂੰ ਦਿੱਤੇ ਸਖ਼ਤ ਨਿਰਦੇਸ਼

ਸੁਪਰੀਮ ਕੋਰਟ ਨੇ ਐੱਫ.ਐੱਸ.ਐੱਸ.ਏ.ਆਈ. ਨੂੰ ਦਿੱਤੇ ਸਖ਼ਤ ਨਿਰਦੇਸ਼

0

ਨਵੀਂ ਦਿੱਲੀ: ਦੇਸ਼ ਵਾਸੀਆਂ ਦੀ ਸਿਹਤ ਅਤੇ ਖਪਤਕਾਰਾਂ ਦੇ ਸੂਚਨਾ ਅਧਿਕਾਰ ਦੀ ਰਾਖੀ ਲਈ ਇੱਕ ਇਤਿਹਾਸਕ ਤੇ ਦੂਰਗਾਮੀ ਫ਼ੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਹੁਣ ਪੈਕਡ ਖਾਧ ਪਦਾਰਥਾਂ ਦੇ ਪੈਕੇਟ ਦੇ ਅਗਲੇ ਹਿੱਸੇ ‘ਤੇ ਵੱਧ ਚਰਬੀ, ਵੱਧ ਖੰਡ ਅਤੇ ਵੱਧ ਨਮਕ ਸਬੰਧੀ ਵੱਖੋ-ਵੱਖਰੇ ਚੇਤਾਵਨੀ ਲੇਬਲ ਲਗਾਉਣੇ ਲਾਜ਼ਮੀ ਹੋਣਗੇ। ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਨੇ ਆਪਣੇ 131 ਪੰਨਿਆਂ ਦੇ ਵਿਸਥਾਰਤ ਫ਼ੈਸਲੇ ਵਿੱਚ ਸਪੱਸ਼ਟ ਕੀਤਾ ਕਿ ਤਿੰਨਾਂ ਤੱਤਾਂ ਲਈ ਇੱਕ ਸਾਂਝਾ ਨਿਸ਼ਾਨ ਲਗਾਉਣ ਦੀ ਬਜਾਏ ਹਰੇਕ ਹਾਨੀਕਾਰਕ ਤੱਤ ਲਈ ਵੱਖਰੇ ਛੇ-ਕੋਨੇ (ਹੈਕਸਾਗਨ) ਆਕਾਰ ਦੇ ਚਿੰਨ੍ਹ ਵਿੱਚ ਤਸਵੀਰ ਸਮੇਤ ਸਪੱਸ਼ਟ ਸ਼ਬਦਾਂ ‘ਵੱਧ ਚਰਬੀ’ (High Fat), ‘ਵੱਧ ਖੰਡ’ (High Sugar) ਜਾਂ ‘ਵੱਧ ਨਮਕ’ (High Salt) ਅੰਕਿਤ ਕਰਨਾ ਜ਼ਰੂਰੀ ਹੋਵੇਗਾ।

ਅਦਾਲਤ ਨੇ ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੂੰ ਨਿਰਦੇਸ਼ ਦਿੱਤੇ ਹਨ ਕਿ ਹਰੇਕ ਚੇਤਾਵਨੀ ਚਿੰਨ੍ਹ ਪੈਕੇਟ ਦੇ ਮੁੱਖ ਹਿੱਸੇ ਦਾ ਘੱਟੋ-ਘੱਟ 4 ਤੋਂ 5 ਫ਼ੀਸਦੀ ਸਥਾਨ ਘੇਰੇ ਅਤੇ ਉਸ ਦੇ ਅੱਖਰ ਇੰਨੇ ਸਪੱਸ਼ਟ ਹੋਣ ਕਿ ਆਮ ਗਾਹਕ ਖ਼ਰੀਦਦਾਰੀ ਸਮੇਂ ਆਸਾਨੀ ਨਾਲ ਪੜ੍ਹ ਸਕੇ। ਇਸ ਤੋਂ ਇਲਾਵਾ ਪੈਮਾਨਾ ਤੈਅ ਕਰਨ ਵੇਲੇ ਸਿਰਫ਼ ਉੱਪਰੋਂ ਪਾਈ ਗਈ (Added) ਖੰਡ ਜਾਂ ਚਰਬੀ ਦੀ ਬਜਾਏ ਉਤਪਾਦ ਵਿਚਲੀ ਕੁੱਲ ਖੰਡ (Total Sugar) ਅਤੇ ਸੰਤ੍ਰਿਪਤ ਚਰਬੀ (Saturated Fat) ਨੂੰ ਆਧਾਰ ਬਣਾਇਆ ਜਾਵੇ।

ਸਿਖਰਲੀ ਅਦਾਲਤ ਨੇ 2020 ਦੇ ਲੇਬਲਿੰਗ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਨਵੇਂ ਖਰੜੇ ਨੂੰ ਅੰਤਿਮ ਰੂਪ ਦੇਣ ਲਈ ਚਾਰ ਮਹੀਨਿਆਂ ਦੀ ਸਮਾਂ-ਸੀਮਾ ਤੈਅ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ 10 ਹਫ਼ਤਿਆਂ ਬਾਅਦ ਰੱਖੀ ਹੈ। ਨਾਲ ਹੀ ਬੱਚਿਆਂ ਨੂੰ ਪੌਸ਼ਟਿਕ ਖ਼ੁਰਾਕ ਪ੍ਰਤੀ ਜਾਗਰੂਕ ਕਰਨ ਲਈ ਸਕੂਲੀ ਪਾਠਕ੍ਰਮ ਵਿੱਚ ਵਿਹਾਰਕ ਗਤੀਵਿਧੀਆਂ ਸ਼ਾਮਲ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version