ਸੁਨਾਮ ਊਧਮ ਸਿੰਘ ਵਾਲਾ, 26 ਨਵੰਬਰ : ਸੜਕਾਂ ‘ਤੇ ਬੇਲਗਾਮ ਘੁੰਮ ਰਹੇ ਬੇਸਹਾਰਾ ਪਸ਼ੂ ਲਗਾਤਾਰ ਕੀਮਤੀ ਮਨੁੱਖੀ ਜਾਨਾਂ ਦਾ ਖ਼ੌਅ ਬਣਦੇ ਜਾ ਰਹੇ ਹਨ। ਅਜਿਹੀ ਹੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਤਹਿਤ ਬੀਤੀ ਦੇਰ ਸ਼ਾਮ ਸੁਨਾਮ-ਜਾਖਲ ਮੁੱਖ ਮਾਰਗ ‘ਤੇ ਅਚਾਨਕ ਸੜਕ ਵਿਚਕਾਰ ਆਈ ਇੱਕ ਬੇਸਹਾਰਾ ਗਊ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 39 ਸਾਲਾ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਸੇ ਪਸ਼ੂ ਦੀ ਲਪੇਟ ਵਿੱਚ ਆਉਣ ਨਾਲ ਇੱਕ ਹੋਰ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਪੁਲਿਸ ਚੌਕੀ ਨਵੀਂ ਅਨਾਜ ਮੰਡੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ (ਏ.ਐੱਸ.ਆਈ.) ਗੁਰਸ਼ਰਨ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਪਿੰਡ ਰਾਮਗੜ੍ਹ ਸੰਧਵਾਂ ਦਾ ਵਸਨੀਕ ਸੁਖਵਿੰਦਰ ਸਿੰਘ (39) ਪੁੱਤਰ ਅੰਮ੍ਰਿਤ ਸਿੰਘ ਰੋਜ਼ਾਨਾ ਵਾਂਗ ਸੁਨਾਮ ਸ਼ਹਿਰ ਵਿੱਚ ਅਮਰੂਦ ਵੇਚ ਕੇ ਸ਼ਾਮ ਕਰੀਬ 7 ਵੱਜ ਕੇ 30 ਮਿੰਟ ‘ਤੇ ਆਪਣੇ ਮੋਟਰਸਾਈਕਲ ਰਾਹੀਂ ਪਿੰਡ ਵਾਪਸ ਪਰਤ ਰਿਹਾ ਸੀ। ਜਿਵੇਂ ਹੀ ਉਹ ਸਥਾਨਕ ਟਰੱਕ ਯੂਨੀਅਨ ਤੋਂ ਥੋੜ੍ਹਾ ਅੱਗੇ ਪੁੱਜਾ ਤਾਂ ਹਨੇਰੇ ਵਿੱਚ ਅਚਾਨਕ ਉਸ ਦੇ ਮੋਟਰਸਾਈਕਲ ਅੱਗੇ ਇੱਕ ਬੇਸਹਾਰਾ ਗਊ ਆ ਗਈ, ਜਿਸ ਕਾਰਨ ਸੰਤੁਲਨ ਵਿਗੜਨ ਕਰਕੇ ਉਹ ਸੜਕ ‘ਤੇ ਡਿੱਗ ਪਿਆ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ‘ਤੇ ਹੀ ਦਮ ਤੋੜ ਗਿਆ।
ਹਾਦਸੇ ਉਪਰੰਤ ਜਦੋਂ ਮੌਕੇ ‘ਤੇ ਇਕੱਠੇ ਹੋਏ ਰਾਹਗੀਰਾਂ ਨੇ ਉਕਤ ਬੇਸਹਾਰਾ ਗਊ ਨੂੰ ਸੜਕ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਘਬਰਾ ਕੇ ਦੂਜੇ ਪਾਸਿਓਂ ਆ ਰਹੇ ਇੱਕ ਹੋਰ ਅਣਪਛਾਤੇ ਮੋਟਰਸਾਈਕਲ ਸਵਾਰ ਨਾਲ ਜਾ ਟਕਰਾਈ। ਗੰਭੀਰ ਜ਼ਖ਼ਮੀ ਹਾਲਤ ਵਿੱਚ ਪੁਲਿਸ ਪਾਰਟੀ ਨੇ ਉਸ ਨੌਜਵਾਨ ਨੂੰ ਸਿਵਲ ਹਸਪਤਾਲ ਸੁਨਾਮ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਸੁਖਵਿੰਦਰ ਸਿੰਘ ਦੇ ਭਰਾ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐੱਨ.ਐੱਸ.ਐੱਸ.) ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਤੁਰੰਤ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ।






