HomePunjab2012 ਬੈਚ ਦੀ ਸੀਨੀਅਰ IPS ਅਧਿਕਾਰੀ ਅਮਨੀਤ ਕੌਂਡਲ ਪਟਿਆਲਾ ਰੇਂਜ ਦੀ ਡੀ.ਆਈ.ਜੀ....

2012 ਬੈਚ ਦੀ ਸੀਨੀਅਰ IPS ਅਧਿਕਾਰੀ ਅਮਨੀਤ ਕੌਂਡਲ ਪਟਿਆਲਾ ਰੇਂਜ ਦੀ ਡੀ.ਆਈ.ਜੀ. ਨਿਯੁਕਤ

ਪਟਿਆਲਾ, 26 ਨਵੰਬਰ : ਪੰਜਾਬ ਸਰਕਾਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਿੱਚ ਕੀਤੇ ਗਏ ਵੱਡੇ ਫੇਰਬਦਲ ਤਹਿਤ 2012 ਬੈਚ ਦੀ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਅਮਨੀਤ ਕੌਂਡਲ ਨੂੰ ਪਟਿਆਲਾ ਰੇਂਜ ਦਾ ਨਵਾਂ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਅਮਨੀਤ ਕੌਂਡਲ ਪਟਿਆਲਾ ਪੁਲਿਸ ਰੇਂਜ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮਹਿਲਾ ਡੀ.ਆਈ.ਜੀ. ਬਣ ਗਏ ਹਨ, ਜਿਸ ਤਹਿਤ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੀ ਕਾਨੂੰਨ-ਵਿਵਸਥਾ ਦੀ ਜ਼ਿੰਮੇਵਾਰੀ ਉਨ੍ਹਾਂ ਕੋਲ ਹੋਵੇਗੀ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਉਨ੍ਹਾਂ ਨੂੰ ਡੀ.ਆਈ.ਜੀ. (ਪਰਸੋਨਲ), ਪੰਜਾਬ ਦੇ ਅਹੁਦੇ ਤੋਂ ਬਦਲ ਕੇ ਤੁਰੰਤ ਪ੍ਰਭਾਵ ਨਾਲ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

ਆਪਣੇ ਸ਼ਾਨਦਾਰ ਸੇਵਾਕਾਲ ਦੌਰਾਨ ਅਮਨੀਤ ਕੌਂਡਲ ਪੰਜਾਬ ਪੁਲਿਸ ਦੇ ਕਈ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਅਹੁਦਿਆਂ ‘ਤੇ ਸਫ਼ਲਤਾਪੂਰਵਕ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਏ.ਆਈ.ਜੀ. (ਕਾਊਂਟਰ ਇੰਟੈਲੀਜੈਂਸ) ਵਜੋਂ ਸੇਵਾਵਾਂ ਦੇਣ ਦੇ ਨਾਲ-ਨਾਲ ਬਠਿੰਡਾ, ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ ਅਤੇ ਖੰਨਾ ਵਿਖੇ ਬਤੌਰ ਜ਼ਿਲ੍ਹਾ ਪੁਲਿਸ ਮੁਖੀ (ਐੱਸ.ਐੱਸ.ਪੀ.) ਸ਼ਾਨਦਾਰ ਕਾਰਜਕਾਲ ਨਿਭਾ ਚੁੱਕੇ ਹਨ। ਬਠਿੰਡਾ ਦੀ ਪਹਿਲੀ ਮਹਿਲਾ ਐੱਸ.ਐੱਸ.ਪੀ. ਵਜੋਂ ਵੀ ਉਨ੍ਹਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਸੀ।

ਪੁਲਿਸ ਮਹਿਕਮੇ ਵਿੱਚ ਇੱਕ ਇਮਾਨਦਾਰ, ਨਿਡਰ ਅਤੇ ਸਖ਼ਤ ਪ੍ਰਸ਼ਾਸਕ ਵਜੋਂ ਜਾਣੇ ਜਾਂਦੇ ਅਮਨੀਤ ਕੌਂਡਲ ਨਸ਼ਾ ਤਸਕਰਾਂ ‘ਤੇ ਨਕੇਲ ਕੱਸਣ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਪੁਲਿਸ ਤੇ ਪਬਲਿਕ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਦੀ ਉਨ੍ਹਾਂ ਦੀ ਕਾਰਜਸ਼ੈਲੀ ਦੀ ਹਮੇਸ਼ਾ ਸ਼ਲਾਘਾ ਹੁੰਦੀ ਰਹੀ ਹੈ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਪਟਿਆਲਾ ਰੇਂਜ ਅਧੀਨ ਆਉਂਦੇ ਚਾਰ ਜ਼ਿਲ੍ਹਿਆਂ ਵਿੱਚ ਅਮਨ-ਕਾਨੂੰਨ ਦੀ ਸਥਿਤੀ ਹੋਰ ਮਜ਼ਬੂਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments