ਸਪੋਰਟਸ ਡੈਸਕ : ਪੈਰਿਸ ਪੈਰਾਲੰਪਿਕ ਖੇਡਾਂ (The Paris Paralympic Games) ਬੀਤੇ ਦਿਨ ਇਕ ਖੂਬਸੂਰਤ ਲਾਈਟ ਸ਼ੋਅ ਅਤੇ ਫ੍ਰੈਂਚ ਇਲੈਕਟ੍ਰਾਨਿਕ ਸੰਗੀਤ ਨਾਲ ਸਮਾਪਤ ਹੋ ਗਈਆਂ। ਜੀਨ-ਮਿਸ਼ੇਲ ਜ੍ਰੇ ਨੇ ਸਟੈਡ ਡੀ ਫਰਾਂਸ ਵਿਖੇ ਪਾਰਟੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਖਿਡਾਰੀਆਂ, ਵਾਲੰਟੀਅਰਾਂ ਅਤੇ ਦਰਸ਼ਕਾਂ ਨੂੰ ਉਨ੍ਹਾਂ ਦੇ ਸੰਗੀਤ ‘ਤੇ ਨੱਚਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਲਾਈਟ ਸ਼ੋਅ ਕਰਵਾਇਆ ਗਿਆ ਜਿਸ ਨੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ।
ਇਨ੍ਹਾਂ ਖੇਡਾਂ ਵਿੱਚ ਚੀਨ ਦਾ ਦਬਦਬਾ ਰਿਹਾ ਜਦਕਿ ਭਾਰਤ ਨੇ ਵੀ ਰਿਕਾਰਡ 29 ਤਗਮੇ ਜਿੱਤੇ। ਭਾਰਤ ਨੇ ਸੱਤ ਸੋਨ, ਨੌਂ ਚਾਂਦੀ ਅਤੇ 13 ਕਾਂਸੀ ਦੇ ਤਗਮਿਆਂ ਦੇ ਰਿਕਾਰਡ ਨਾਲ ਪੈਰਿਸ ਪੈਰਾਲੰਪਿਕ ਖੇਡਾਂ ਨੂੰ ਖਤਮ ਕੀਤਾ ਅਤੇ ਤਮਗਾ ਸੂਚੀ ਵਿੱਚ 18ਵੇਂ ਸਥਾਨ ‘ਤੇ ਰਿਹਾ। ਟੋਕੀਓ ਵਿੱਚ ਹੋਈਆਂ ਪਿਛਲੀਆਂ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਪੰਜ ਸੋਨ, ਅੱਠ ਚਾਂਦੀ ਅਤੇ ਛੇ ਕਾਂਸੀ ਦੇ ਤਗ਼ਮਿਆਂ ਨਾਲ 24ਵੇਂ ਸਥਾਨ ’ਤੇ ਸੀ। ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਚੀਨ ਨੇ ਲਗਭਗ ਹਰ ਖੇਡ ਵਿੱਚ ਆਪਣੀ ਛਾਪ ਛੱਡੀ।
ਇਸ ਨੇ 94 ਸੋਨ ਤਗਮੇ ਜਿੱਤੇ ਜਦਕਿ ਦੂਜੇ ਸਥਾਨ ‘ਤੇ ਰਹੇ ਬ੍ਰਿਟੇਨ ਨੇ 49 ਸੋਨ ਤਗਮੇ ਜਿੱਤੇ। ਚੀਨ ਨੇ ਕੁੱਲ 220 ਤਗਮੇ (94 ਸੋਨ, 76 ਚਾਂਦੀ, 50 ਕਾਂਸੀ) ਨਾਲ ਆਪਣੀ ਮੁਹਿੰਮ ਪੂਰੀ ਕੀਤੀ। ਬ੍ਰਿਟੇਨ 124 ਤਗਮਿਆਂ ਨਾਲ ਦੂਜੇ ਸਥਾਨ ‘ਤੇ ਰਿਹਾ, ਜਦਕਿ ਅਮਰੀਕਾ 105 ਤਗਮਿਆਂ ਨਾਲ ਤੀਜੇ ਸਥਾਨ ‘ਤੇ ਰਿਹਾ। ਬ੍ਰਿਟੇਨ ਨੇ 49 ਸੋਨ ਤਗਮਿਆਂ ਤੋਂ ਇਲਾਵਾ 44 ਚਾਂਦੀ ਅਤੇ 31 ਕਾਂਸੀ ਦੇ ਤਗਮੇ ਜਿੱਤੇ। ਅਮਰੀਕਾ ਨੇ 36 ਸੋਨ, 42 ਚਾਂਦੀ ਅਤੇ 27 ਕਾਂਸੀ ਦੇ ਤਗਮੇ ਜਿੱਤੇ।
ਬ੍ਰਾਜ਼ੀਲ ਨੇ 89 ਤਗਮੇ ਜਿੱਤੇ ਪਰ ਨੀਦਰਲੈਂਡ ਨੇ 25 ਸੋਨ ਤਗਿਮਆਂ ਦੇ ਮੁਕਾਬਲੇ 27 ਸੋਨ ਤਗਮੇ ਜਿੱਤੇ, ਜਿਸ ਨਾਲ ਉਹ ਚੌਥੇ ਸਥਾਨ ‘ਤੇ ਰਿਹਾ। ਮੇਜ਼ਬਾਨ ਫਰਾਂਸ ਨੇ 19 ਸੋਨ ਤਗਮਿਆਂ ਸਮੇਤ 75 ਤਗਮੇ ਜਿੱਤੇ ਅਤੇ ਉਹ ਤਮਗਾ ਸੂਚੀ ਵਿੱਚ ਅੱਠਵੇਂ ਸਥਾਨ ‘ਤੇ ਰਿਹਾ। ਅਗਲੀਆਂ ਪੈਰਾਲੰਪਿਕ ਖੇਡਾਂ 2028 ਵਿੱਚ ਲਾਸ ਏਂਜਲਸ ਵਿੱਚ ਹੋਣਗੀਆਂ।










