ਏਸ਼ੀਆਈ ਖੇਡਾਂ 2026 ‘ਚ ਨੀਰੂ ਢਾਂਡਾ ਨੇ ਜਿੱਤਿਆ ਚਾਂਦੀ ਦਾ ਤਗਮਾ , ਵਿਅਕਤੀਗਤ ਫਾਈਨਲ ‘ਚ ਜਗ੍ਹਾ ਕੀਤੀ ਪੱਕੀ

0
105

ਸਪੋਰਟਸ ਡੈਸਕ: ਏਸ਼ੀਆਈ ਖੇਡਾਂ 2026 ਵਿੱਚ ਭਾਰਤੀ ਨਿਸ਼ਾਨੇਬਾਜ਼ੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਨੀਰੂ ਢਾਂਡਾ, ਆਸ਼ਿਮਾ ਅਹਲਾਵਤ ਅਤੇ ਮਨੀਸ਼ਾ ਕੀਰ ਦੀ ਤਿਕੜੀ ਨੇ ਅੱਜ ਮਹਿਲਾ ਟਰੈਪ ਟੀਮ ਮੁਕਾਬਲੇ ਵਿੱਚ ਭਾਰਤ ਨੂੰ ਚਾਂਦੀ ਦਾ ਤਗ਼ਮਾ ਦਿਵਾਇਆ। ਇਸ ਦੇ ਨਾਲ ਹੀ ਨੀਰੂ ਢਾਂਡਾ ਨੇ ਵਿਅਕਤੀਗਤ ਮੁਕਾਬਲੇ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁਆਲੀਫਾਈ ‘ਚ ਟਾਪ ਕੀਤਾ ਅਤੇ ਸ਼ੂਟ ਆਫ ‘ਚ ਜਿੱਤ ਦਰਜ ਕਰਕੇ ਵਿਅਕਤੀਗਤ ਫਾਈਨਲ ‘ਚ ਜਗ੍ਹਾ ਪੱਕੀ ਕੀਤੀ।

ਮਹਿਲਾ ਟਰੈਪ ਟੀਮ ਮੁਕਾਬਲੇ ਵਿੱਚ ਭਾਰਤ ਨੂੰ ਮਿਲਿਆ ਚਾਂਦੀ ਦਾ ਤਗ਼ਮਾ
ਭਾਰਤ ਦੀ ਨੀਰੂ ਢਾਂਡਾ, ਆਸ਼ਿਮਾ ਅਹਲਾਵਤ ਅਤੇ ਮਨੀਸ਼ਾ ਕੀਰ ਨੇ ਤਿੰਨ ਦਿਨਾਂ ਕੁਆਲੀਫ਼ਿਕੇਸ਼ਨ ਰਾਊਂਡ ਤੋਂ ਬਾਅਦ ਮਹਿਲਾ ਟਰੈਪ ਟੀਮ ਮੁਕਾਬਲੇ ਵਿੱਚ ਕੁੱਲ 328 ਅੰਕ ਬਣਾਏ। ਇਸ ਪ੍ਰਦਰਸ਼ਨ ਨਾਲ ਭਾਰਤੀ ਟੀਮ ਦੂਜੇ ਸਥਾਨ ‘ਤੇ ਰਹੀ ਅਤੇ ਚਾਂਦੀ ਦਾ ਤਗਮਾ ਜਿੱਤਿਆ। ਚੀਨ ਨੇ 346 ਅੰਕਾਂ ਨਾਲ ਸੋਨ ਤਮਗਾ ਜਿੱਤਿਆ, ਜਦਕਿ ਕੁਵੈਤ ਨੇ 325 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਇਹ ਮੈਚ ਏਚੀ ਪ੍ਰੀਫੈਕਚਰਲ ਜਨਰਲ ਸ਼ੂਟਿੰਗ ਗੈਲਰੀ ਵਿੱਚ ਖੇਡਿਆ ਗਿਆ।

ਨੀਰੂ ਢਾਂਡਾ ਨੇ ਵਿਅਕਤੀਗਤ ਫਾਈਨਲ ਵਿੱਚ ਬਣਾਈ ਥਾਂ
ਨੀਰੂ ਢਾਂਡਾ ਨੇ ਮਹਿਲਾ ਟਰੈਪ ਵਿਅਕਤੀਗਤ ਈਵੈਂਟ ਦੇ ਕੁਆਲੀਫਿਕੇਸ਼ਨ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 118 ਅੰਕ ਹਾਸਲ ਕੀਤੇ ਅਤੇ ਕੁਆਲੀਫਾਈ ਦਰਜਾਬੰਦੀ ਵਿੱਚ ਸਿਖਰ ’ਤੇ ਰਹੇ। ਨੀਰੂ ਦੇ 118 ਅੰਕ ਕਤਰ ਦੇ ਰੇ ਬੇਸਿਲ ਦੇ ਬਰਾਬਰ ਸਨ, ਜਿਸ ਨਾਲ ਚੋਟੀ ਦੇ ਸਥਾਨ ਲਈ ਸ਼ੂਟ-ਆਫ ਹੋਇਆ। ਨੀਰੂ ਨੇ ਸ਼ੂਟ-ਆਫ ਜਿੱਤਿਆ ਅਤੇ ਕੁਆਲੀਫਿਕੇਸ਼ਨ ਵਿਚ ਇਕੋ-ਇਕ ਚੋਟੀ ਦਾ ਸਥਾਨ ਹਾਸਲ ਕੀਤਾ। ਉਨ੍ਹਾਂ ਦੇ ਪ੍ਰਦਰਸ਼ਨ ਦੌਰਾਨ ਇੱਕ ਗੇਮ ਰਿਕਾਰਡ ਵੀ ਬਣਿਆ। ਹੁਣ ਨੀਰੂ ਦੀ ਨਜ਼ਰ ਵਿਅਕਤੀਗਤ ਫਾਈਨਲ ‘ਚ ਸੋਨ ਤਗਮੇ ‘ਤੇ ਹੋਵੇਗੀ।

ਸਵੇਰੇ 10:30 ਵਜੇ ਹੋਵੇਗਾ ਵਿਅਕਤੀਗਤ ਫਾਈਨਲ
ਮਹਿਲਾ ਟਰੈਪ ਵਿਅਕਤੀਗਤ ਫਾਈਨਲ ਵਿੱਚ ਕੁੱਲ ਅੱਠ ਨਿਸ਼ਾਨੇਬਾਜ਼ ਹਿੱਸਾ ਲੈਣਗੇ। ਇਹ ਫਾਈਨਲ ਭਾਰਤੀ ਸਮੇਂ ਅਨੁਸਾਰ ਸਵੇਰੇ 10:30 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ ਦੀ ਆਸ਼ਿਮਾ ਅਹਲਾਵਤ 106 ਅੰਕਾਂ ਨਾਲ ਕੁਆਲੀਫਿਕੇਸ਼ਨ ਵਿੱਚ 16ਵੇਂ ਸਥਾਨ ’ਤੇ ਰਹੇ ਜਦਕਿ ਮਨੀਸ਼ਾ ਕੀਰ 104 ਅੰਕਾਂ ਨਾਲ 23ਵੇਂ ਸਥਾਨ ’ਤੇ ਰਹੇ। ਦੋਵੇਂ ਨਿਸ਼ਾਨੇਬਾਜ਼ ਵਿਅਕਤੀਗਤ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ।

ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ
ਮਹਿਲਾ ਟਰੈਪ ਟੀਮ ਈਵੈਂਟ ਵਿੱਚ ਜਿੱਤਿਆ ਗਿਆ ਚਾਂਦੀ ਦਾ ਤਗ਼ਮਾ ਏਸ਼ੀਅਨ ਖੇਡਾਂ 2026 ਵਿੱਚ ਭਾਰਤ ਦੀ ਪ੍ਰਭਾਵਸ਼ਾਲੀ ਨਿਸ਼ਾਨੇਬਾਜ਼ੀ ਮੁਹਿੰਮ ਵਿੱਚ ਇੱਕ ਹੋਰ ਪ੍ਰਾਪਤੀ ਹੈ। ਨਿਸ਼ਾਨੇਬਾਜ਼ੀ ਵਿੱਚ ਭਾਰਤ ਦੀ ਕੁੱਲ ਤਮਗ਼ਿਆਂ ਦੀ ਗਿਣਤੀ 13 ਹੋ ਗਈ ਹੈ। ਇਨ੍ਹਾਂ ਵਿੱਚ ਮਿਕਸਡ 10 ਮੀਟਰ ਏਅਰ ਪਿਸਟਲ ਮੁਕਾਬਲੇ ਦਾ ਸੋਨ ਤਗ਼ਮਾ ਵੀ ਸ਼ਾਮਲ ਹੈ।

ਕਮਲਜੀਤ ਅਤੇ ਸੁਰੂਚੀ ਸਿੰਘ ਨੇ ਮਿਕਸਡ 10 ਮੀਟਰ ਏਅਰ ਪਿਸਟਲ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਈਸ਼ਾ ਸਿੰਘ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ‘ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਸ਼ੂਟ-ਆਫ ਵਿੱਚ ਚੀਨ ਦੀ ਜ਼ਿਆਓ ਜੀਆਰੁਈਸ਼ੁਆਨ ਤੋਂ ਹਾਰ ਕੇ ਦੂਜੇ ਸਥਾਨ ‘ਤੇ ਰਹੀ। ਈਸ਼ਾ ਸਿੰਘ ਨੇ 2023 ਵਿੱਚ ਹੋਈਆਂ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਵੀ ਔਰਤਾਂ ਦੀ 25 ਮੀਟਰ ਪਿਸਟਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਭਾਰਤ ਦੇ ਕੁੱਲ 46 ਮੈਡਲ
ਮਹਿਲਾ ਟਰੈਪ ਟੀਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ, ਏਸ਼ੀਅਨ ਖੇਡਾਂ 2026 ਵਿੱਚ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ ਵੱਧ ਕੇ 46 ਹੋ ਗਈ ਹੈ। ਭਾਰਤ ਦੇ ਕੋਲ 4 ਸੋਨ, 21 ਚਾਂਦੀ ਅਤੇ 21 ਕਾਂਸੀ ਦੇ ਤਗਮੇ ਹਨ। ਇਸ ਦੌਰਾਨ ਪੁਰਸ਼ਾਂ ਦੇ ਟਰੈਪ ਮੁਕਾਬਲੇ ਵੀ ਜਾਰੀ ਹਨ। ਭਾਰਤ ਦੀ ਤਰਫੋਂ ਕੇਨਾਨ ਚੇਨਈ, ਸ਼ਪਥ ਭਾਰਦਵਾਜ ਅਤੇ ਅਜ਼ਾਰ ਰਿਜ਼ਵੀ ਵਿਅਕਤੀਗਤ ਕੁਆਲੀਫੀਕੇਸ਼ਨ ਦੇ ਨਾਲ-ਨਾਲ ਟੀਮ ਮੁਕਾਬਲੇ ਵਿੱਚ ਵੀ ਚੁਣੌਤੀਪੂਰਨ ਹਨ।

LEAVE A REPLY

Please enter your comment!
Please enter your name here