ਕਪਤਾਨ ਸ਼ੁਭਮਨ ਗਿੱਲ ਨੈੱਟ ‘ਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਗੇਂਦ ਨਾਲ ਹੋਏ ਜ਼ਖਮੀ

0
49

ਸਪੋਰਟਸ ਡੈਸਕ: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਭਲਕੇ , 27 ਸਤੰਬਰ ਤੋਂ ਸ਼ੁਰੂ ਹੋ ਰਹੀ ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਦੀਆਂ ਚਿੰਤਾਵਾਂ ਵਧ ਗਈਆਂ ਹਨ। ਕਪਤਾਨ ਸ਼ੁਭਮਨ ਗਿੱਲ ਨੈੱਟ ‘ਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਗੇਂਦ ਨਾਲ ਜ਼ਖਮੀ ਹੋ ਗਏ। ਸਿਰਾਜ ਦੀ ਗੇਂਦ ਗਿੱਲ ਦੀ ਸੱਜੀ ਕੂਹਣੀ ‘ਤੇ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲੈਣੀ ਪਈ ਅਤੇ ਉਹ ਦੁਬਾਰਾ ਬੱਲੇਬਾਜ਼ੀ ਅਭਿਆਸ ‘ਤੇ ਨਹੀਂ ਪਰਤ ਸਕੇ।

ਸਿਰਾਜ ਦੀ ਗੇਂਦ ਤੋਂ ਲੱਗੀ ਗਿੱਲ ਦੀ ਕੂਹਣੀ ‘ਚ ਸੱਟ
ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿੱਚ ਅਭਿਆਸ ਸੈਸ਼ਨ ਦੌਰਾਨ ਸ਼ੁਭਮਨ ਗਿੱਲ ਮੁਹੰਮਦ ਸਿਰਾਜ ਦਾ ਸਾਹਮਣਾ ਕਰ ਰਹੇ ਸਨ । ਇਸ ਦੌਰਾਨ ਸਿਰਾਜ ਦੀ ਇਕ ਗੇਂਦ ਸਿੱਧੀ ਗਿੱਲ ਦੀ ਸੱਜੀ ਕੂਹਣੀ ‘ਤੇ ਲੱਗੀ। ਗਿੱਲ ਨੂੰ ਸੱਟ ਤੋਂ ਬਾਅਦ ਡਾਕਟਰੀ ਸਹਾਇਤਾ ਦੀ ਲੋੜ ਸੀ। ਰਿਪੋਰਟ ਮੁਤਾਬਕ ਉਨ੍ਹਾਂ ਦੀ ਸੱਜੀ ਕੂਹਣੀ ‘ਤੇ ਬੈਡੇਜ਼ ਵੀ ਕੀਤਾ ਗਿਆ । ਇਸ ਤੋਂ ਬਾਅਦ ਗਿੱਲ ਨੇ ਦਰਦ ਕਾਰਨ ਆਪਣਾ ਬੱਲੇਬਾਜ਼ੀ ਅਭਿਆਸ ਜਾਰੀ ਨਹੀਂ ਰੱਖਿਆ।

ਰੋਹਿਤ ਸ਼ਰਮਾ ਨੇ ਵੀ ਗਿੱਲ ਦਾ ਹਾਲ ਚਾਲ ਪੁੱਛਿਆ
ਗਿੱਲ ਦੇ ਸੱਟ ਤੋਂ ਬਾਅਦ ਤਜਰਬੇਕਾਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵੀ ਭਾਰਤੀ ਕਪਤਾਨ ਦਾ ਹਾਲ-ਚਾਲ ਪੁੱਛਿਆ। ਗਿੱਲ ਦਰਦ ਕਾਰਨ ਮੁੜ ਨੈੱਟ ‘ਤੇ ਬੱਲੇਬਾਜ਼ੀ ਕਰਨ ਨਹੀਂ ਆਏ। ਹਾਲਾਂਕਿ ਗਿੱਲ ਨੂੰ ਪਹਿਲੇ ਵਨਡੇ ਤੋਂ ਬਾਹਰ ਕੀਤੇ ਜਾਣ ਨੂੰ ਲੈ ਕੇ ਸਥਿਤੀ ਹਾਲੇੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸਮੇਂ ਸਿਰ ਸੱਟ ਤੋਂ ਉਭਰ ਜਾਣਗੇ ।

27 ਸਤੰਬਰ ਨੂੰ ਪਹਿਲਾ ਵਨਡੇ
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 27 ਸਤੰਬਰ ਨੂੰ ਖੇਡਿਆ ਜਾਵੇਗਾ।ਅਗਲੇ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ 2027 ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਇਹ ਸੀਰੀਜ਼ ਭਾਰਤ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ।ਕਪਤਾਨ ਵਜੋਂ ਗਿੱਲ ਲਈ ਇਹ ਸੀਰੀਜ਼ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇੰਗਲੈਂਡ ਦੌਰੇ ਦੌਰਾਨ ਭਾਰਤ ਨੂੰ ਵਨਡੇ ਸੀਰੀਜ਼ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਕਪਤਾਨ ਬਣਨ ਤੋਂ ਬਾਅਦ ਗਿੱਲ ਦਾ ਸ਼ਾਨਦਾਰ ਵਨਡੇ ਰਿਕਾਰਡ
ਵਨਡੇ ਦੀ ਕਪਤਾਨੀ ਸੰਭਾਲਣ ਤੋਂ ਬਾਅਦ ਸ਼ੁਭਮਨ ਗਿੱਲ ਨੇ 11 ਪਾਰੀਆਂ ‘ਚ 604 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੀ ਬੱਲੇਬਾਜ਼ੀ ਔਸਤ 67.11 ਅਤੇ ਸਟ੍ਰਾਈਕ ਰੇਟ 107.85 ਰਹੀ ਹੈ। ਗਿੱਲ ਨੇ ਇਸ ਦੌਰਾਨ ਇੱਕ ਸੈਂਕੜਾ ਅਤੇ ਪੰਜ ਅਰਧ ਸੈਂਕੜੇ ਵੀ ਲਗਾਏ ਹਨ। ਅਜਿਹੇ ‘ਚ ਜੇਕਰ ਉਹ ਪਹਿਲੇ ਵਨਡੇ ਤੋਂ ਬਾਹਰ ਹੋ ਜਾਂਦੇ ਹਨ ਤਾਂ ਭਾਰਤੀ ਟੀਮ ਨੂੰ ਕਪਤਾਨੀ ਅਤੇ ਬੱਲੇਬਾਜ਼ੀ ਦੋਹਾਂ ਮੋਰਚਿਆਂ ‘ਤੇ ਵੱਡੇ ਬਦਲਾਅ ਕਰਨੇ ਪੈ ਸਕਦੇ ਹਨ।

ਗਿੱਲ ਨਾ ਖੇਡੇ ਤਾਂ ਕੌਣ ਕਰੇਗਾ ਓਪਨਿੰਗ ?
ਜੇਕਰ ਸ਼ੁਭਮਨ ਗਿੱਲ ਭਲਕੇ , 27 ਸਤੰਬਰ ਨੂੰ ਹੋਣ ਵਾਲੇ ਪਹਿਲੇ ਵਨਡੇ ਲਈ ਫਿੱਟ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਯਸ਼ਸਵੀ ਜੈਸਵਾਲ ਨੂੰ ਓਪਨਿੰਗ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਯਸ਼ਸਵੀ ਨੇ ਅਫਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ‘ਚ ਸੈਂਕੜਾ ਲਗਾਇਆ ਸੀ। ਉਸ ਸੀਰੀਜ਼ ‘ਚ ਵਿਰਾਟ ਕੋਹਲੀ ਸੱਟ ਕਾਰਨ ਬਾਹਰ ਹੋ ਗਏ ਸਨ ਅਤੇ ਗਿੱਲ ਨੰਬਰ-4 ‘ਤੇ ਬੱਲੇਬਾਜ਼ੀ ਕਰਦਾ ਸੀ।

ਕੇ.ਐਲ ਰਾਹੁਲ ਸੰਭਾਲ ਸਕਦੇ ਹਨ ਕਪਤਾਨੀ
ਗਿੱਲ ਦੀ ਗੈਰ-ਮੌਜੂਦਗੀ ਵਿੱਚ ਉਪ-ਕਪਤਾਨ ਕੇ.ਐੱਲ ਰਾਹੁਲ ਪਹਿਲੇ ਵਨਡੇ ਵਿੱਚ ਕਪਤਾਨੀ ਸੰਭਾਲਣ ਦੀ ਸੰਭਾਵਨਾ ਹੈ। ਰਾਹੁਲ ਨੂੰ ਉਪ-ਕਪਤਾਨ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਪਤਾਨੀ ਦਾ ਤਜਰਬਾ ਵੀ ਹੈ।

ਇਸ ਦੇ ਨਾਲ ਹੀ ਰੁਤੁਰਾਜ ਗਾਇਕਵਾੜ ਵੀ ਓਪਨਿੰਗ ਵਿਕਲਪਾਂ ਵਿੱਚ ਸ਼ਾਮਲ ਹਨ। ਹਾਲਾਂਕਿ ਉਨ੍ਹਾਂ ਦਾ ਆਖਰੀ ਵਨਡੇ ਸੈਂਕੜਾ ਨੰਬਰ-4 ‘ਤੇ ਬੱਲੇਬਾਜ਼ੀ ਕਰਦੇ ਹੋਏ ਆਇਆ ਸੀ। ਇਸ ਤੋਂ ਇਲਾਵਾ ਟੀ-20ਆਈ ਕਪਤਾਨ ਸ਼੍ਰੇਅਸ ਅਈਅਰ ਏਸ਼ੀਆਈ ਖੇਡਾਂ ਦੀਆਂ ਜ਼ਿੰਮੇਵਾਰੀਆਂ ‘ਚ ਰੁੱਝੇ ਹੋਏ ਹਨ, ਇਸ ਲਈ ਗਾਇਕਵਾੜ ਦੇ ਵਨਡੇ ਸੀਰੀਜ਼ ‘ਚ ਨੰਬਰ-4 ‘ਤੇ ਖੇਡਣ ਦੀ ਸੰਭਾਵਨਾ ਜਤਾਈ ਗਈ ਹੈ।

ਗਿੱਲ ਦੀ ਸੱਟ ਨੇ ਟੀਮ ਇੰਡੀਆ ਦੀ ਵਧਾਈ ਚਿੰਤਾ
ਸ਼ੁਭਮਨ ਗਿੱਲ ਦੀ ਸੱਟ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਭਾਰਤੀ ਟੀਮ ਵਨਡੇ ਵਿਸ਼ਵ ਕੱਪ 2027 ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਗਿੱਲ ਨੂੰ ਵਨਡੇ ਟੀਮ ਦੀ ਕਪਤਾਨੀ ਸੌਂਪੇ ਜਾਣ ਤੋਂ ਬਾਅਦ ਉਨ੍ਹਾਂ ਦੇ ਪ੍ਰਦਰਸ਼ਨ ਅਤੇ ਅਗਵਾਈ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਗਿੱਲ ਪਹਿਲੇ ਵਨਡੇ ਲਈ ਪੂਰੀ ਤਰ੍ਹਾਂ ਫਿੱਟ ਹਨ ਜਾਂ ਨਹੀਂ। ਉਨ੍ਹਾਂ ਦੀ ਉਪਲਬਧਤਾ ਬਾਰੇ ਅੰਤਿਮ ਫ਼ੈਸਲਾ ਉਨ੍ਹਾਂ ਦੀ ਸੱਟ ਅਤੇ ਫਿਟਨੈਸ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਜਾਵੇਗਾ।

ਟੀਮਾਂ
ਭਾਰਤ: ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰੁਤੂਰਾਜ ਗਾਇਕਵਾੜ, ਕੇ.ਐਲ ਰਾਹੁਲ (ਉਪ-ਕਪਤਾਨ), ਧਰੁਵ ਜੁਰੇਲ, ਨਿਤੀਸ਼ ਕੁਮਾਰ ਰੈਡੀ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਪ੍ਰਸੀਦ ਕ੍ਰਿਸ਼ਨ, ਗੁਰਨੂਰ ਬਰਾੜ, ਮੁਹੰਮਦ ਸਿਰਾਜ, ਓਕੀਬ ਨਬੀ, ਯਸ਼ਸਵੀ ਜੈਸਵਾਲ, ਨਮਨ ਧੀਰ।

ਵੈਸਟ ਇੰਡੀਜ਼: ਸ਼ਾਈ ਹੋਪ (ਕਪਤਾਨ), ਜਵੇਲ ਐਂਡਰਿਊ, ਜੌਨ ਕੈਂਪਬੈਲ, ਕੈਸੀ ਕਾਰਟੀ, ਰੋਸਟਨ ਚੇਜ਼, ਮੈਥਿਊ ਫੋਰਡ, ਜਸਟਿਨ ਗ੍ਰੀਵਜ਼, ਆਮਿਰ ਜ਼ਾਂਗੂ, ਅਲਜ਼ਾਰੀ ਜੋਸੇਫ, ਸ਼ਮਾਰ ਜੋਸੇਫ, ਵਿਟੇਲ ਲਾਅਸ, ਗੁਡਾਕੇਸ਼ ਮੋਤੀ, ਕੀਮੋ ਪਾਲ, ਸ਼ੇਰਫੇਨ ਰਦਰਫੋਰਡ, ਜੈਡਨ ਸੀਲਸ।

LEAVE A REPLY

Please enter your comment!
Please enter your name here