ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸ਼ਾਨਦਾਰ ਸਜਾਵਟ ਕੀਤੀ ਗਈ। ਇਸ ਪਵਿੱਤਰ ਮੌਕੇ ’ਤੇ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਅਤੇ ਆਤਸ਼ਬਾਜ਼ੀ ਨੇ ਮਾਹੌਲ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ।
ਸ਼ਾਮ ਸਮੇਂ ਰਹਿਰਾਸ ਸਾਹਿਬ ਦੇ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ। ਇਸ ਤੋਂ ਬਾਅਦ ਹੋਈ ਆਤਸ਼ਬਾਜ਼ੀ ਦੌਰਾਨ ਆਸਮਾਨ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗਾ ਉੱਠਿਆ। ਇਸ ਮਨਮੋਹਕ ਦ੍ਰਿਸ਼ ਨੂੰ ਦੇਖ ਕੇ ਗੁਰੂ ਘਰ ਵਿਖੇ ਮੌਜੂਦ ਸੰਗਤ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਵੱਖ-ਵੱਖ ਕਿਸਮਾਂ ਦੇ ਸੁੰਦਰ ਫੁੱਲਾਂ ਨਾਲ ਵਿਸ਼ੇਸ਼ ਤੌਰ ’ਤੇ ਸਜਾਇਆ ਗਿਆ। ਇਸ ਦੇ ਨਾਲ ਹੀ ਜਲੌ ਸਾਹਿਬ ਵੀ ਸਜਾਇਆ ਗਿਆ, ਜਿਸ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ।
ਇਸ ਪਾਵਨ ਦਿਹਾੜੇ ਮੌਕੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਸੰਗਤ ਨੇ ਗੁਰੂ ਘਰ ਦੇ ਦਰਸ਼ਨ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮਾਂ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਵੀ ਸਜਾਇਆ ਗਿਆ। ਪੂਰੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ।
ਇਤਿਹਾਸਕ ਤੌਰ ’ਤੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕੀਤਾ ਗਿਆ ਸੀ ਅਤੇ ਸਾਲ 1604 ਵਿੱਚ ਬਾਬਾ ਬੁੱਢਾ ਜੀ ਨੇ ਪਾਵਨ ਸਰੂਪ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਸੀ। ਇਸ ਇਤਿਹਾਸਕ ਦਿਹਾੜੇ ਦੀ ਯਾਦ ਵਿੱਚ ਹਰ ਸਾਲ ਸੰਗਤ ਵੱਲੋਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਜਾਂਦਾ ਹੈ।








