ਉੱਤਰਕਾਸ਼ੀ/ਸ਼ਿਮਲਾ: ਉੱਤਰ ਭਾਰਤ ਵਿੱਚ ਮੌਸਮ ਨੇ ਅਚਾਨਕ ਆਪਣਾ ਮਿਜ਼ਾਜ ਬਦਲ ਲਿਆ ਹੈ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ, ਜਦਕਿ ਕਈ ਹੇਠਲੇ ਇਲਾਕਿਆਂ ਵਿੱਚ ਮੀਂਹ ਅਤੇ ਬੂੰਦਾਬਾਂਦੀ ਨੇ ਠੰਢ ਵਧਾ ਦਿੱਤੀ ਹੈ।
ਉੱਤਰਾਖੰਡ ਵਿੱਚ ਵੀਰਵਾਰ ਸਵੇਰ ਤੋਂ ਹੀ ਉੱਚੀਆਂ ਪਹਾੜੀਆਂ ’ਤੇ ਬਰਫ਼ ਡਿੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕੇਦਾਰਨਾਥ, ਗੰਗੋਤਰੀ, ਯਮੁਨੋਤਰੀ ਅਤੇ ਔਲੀ ਸਮੇਤ ਕਈ ਇਲਾਕਿਆਂ ਵਿੱਚ ਬਰਫ਼ਬਾਰੀ ਦਰਜ ਕੀਤੀ ਗਈ। ਇਸ ਤੋਂ ਇਲਾਵਾ ਬਦਰੀਨਾਥ ਦੇ ਨੇੜੇ ਨੀਲਕੰਠ ਅਤੇ ਨਰ-ਨਾਰਾਇਣ ਪਹਾੜਾਂ ’ਤੇ ਵੀ ਬਰਫ਼ ਦੀ ਚਿੱਟੀ ਚਾਦਰ ਵਿਛ ਗਈ ਹੈ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਵੀ ਮੌਸਮ ਬਦਲਣ ਨਾਲ ਕਈ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ ਹੈ। ਸ਼ਿਮਲਾ ਦੀ ਚਾਂਸ਼ਲ ਘਾਟੀ, ਰੋਹੜੂ, ਕਿੰਨੌਰ, ਲਾਹੌਲ-ਸਪੀਤੀ ਅਤੇ ਚੰਬਾ ਦੀਆਂ ਉੱਚੀਆਂ ਚੋਟੀਆਂ ’ਤੇ ਤਾਜ਼ਾ ਬਰਫ਼ ਪਈ ਹੈ। ਲਾਹੌਲ-ਸਪੀਤੀ ਦੇ ਕੁਕੁਮਸੇਰੀ ਵਿੱਚ ਤਾਪਮਾਨ ਡਿੱਗ ਕੇ ਮਾਈਨਸ 1.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਸੂਬੇ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਭਾਗ ਵੱਲੋਂ ਸ਼ਿਮਲਾ, ਸਿਰਮੌਰ, ਮੰਡੀ ਅਤੇ ਕਾਂਗੜਾ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ, ਬਿਜਲੀ ਚਮਕਣ ਅਤੇ ਗੜੇਮਾਰੀ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਦਿੱਲੀ-NCR ਤੇ ਹਰਿਆਣਾ ਵਿੱਚ ਵੀ ਮੌਸਮ ਨੇ ਬਦਲਿਆ ਰੁਖ਼
ਪੱਛਮੀ ਗੜਬੜੀ ਅਤੇ ਚੱਕਰਵਾਤ ਅਰਨਬ ਦੇ ਪ੍ਰਭਾਵ ਕਾਰਨ ਦਿੱਲੀ-NCR ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਵੀ ਮੌਸਮ ਬਦਲ ਗਿਆ ਹੈ। ਵੀਰਵਾਰ ਸਵੇਰ ਤੋਂ ਅਸਮਾਨ ਵਿੱਚ ਬੱਦਲ ਛਾਏ ਰਹੇ ਅਤੇ ਕਈ ਥਾਵਾਂ ’ਤੇ ਹਲਕੀ ਬਾਰਿਸ਼ ਹੋਈ। ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ ਅਤੇ ਲੋਕਾਂ ਨੂੰ ਠੰਢ ਦਾ ਅਹਿਸਾਸ ਹੋਣ ਲੱਗਾ ਹੈ। ਮੌਸਮ ਵਿਭਾਗ ਨੇ 29 ਤੋਂ 31 ਅਕਤੂਬਰ ਤੱਕ ਵੱਖ-ਵੱਖ ਇਲਾਕਿਆਂ ਲਈ ਓਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ।
ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਦੀ ਵਧੀ ਚਿੰਤਾ
ਮੌਸਮ ਵਿੱਚ ਆਏ ਇਸ ਬਦਲਾਅ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ ਹਨ। ਖ਼ਾਸ ਤੌਰ ’ਤੇ ਉਨ੍ਹਾਂ ਕਿਸਾਨਾਂ ਦੀ ਚਿੰਤਾ ਵਧੀ ਹੈ, ਜਿਨ੍ਹਾਂ ਦਾ ਝੋਨਾ ਖੇਤਾਂ ਵਿੱਚ ਕਟਾਈ ਲਈ ਤਿਆਰ ਹੈ ਜਾਂ ਜਿਨ੍ਹਾਂ ਨੇ ਫ਼ਸਲ ਕੱਟ ਕੇ ਮੰਡੀਆਂ ਵਿੱਚ ਪਹੁੰਚਾਈ ਹੋਈ ਹੈ।
ਪਾਣੀਪਤ ਅਤੇ ਯਮੁਨਾਨਗਰ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਸਵੇਰ ਦੀ ਬੂੰਦਾਬਾਂਦੀ ਕਾਰਨ ਮੰਡੀਆਂ ਵਿੱਚ ਪਈ ਝੋਨੇ ਦੀ ਫ਼ਸਲ ਅਤੇ ਬੋਰੀਆਂ ਦੇ ਭਿੱਜਣ ਦਾ ਖ਼ਤਰਾ ਬਣ ਗਿਆ ਹੈ। ਜੇਕਰ ਮੀਂਹ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਤਾਂ ਕਿਸਾਨਾਂ ਨੂੰ ਫ਼ਸਲ ਦੀ ਸੰਭਾਲ ਵਿੱਚ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।





