ਗੁਜਰਾਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਭੀਲਡੀ ਵਿਖੇ 325 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ‘ਭਾਰਤ ਬੋਵਾਈਨ ਬ੍ਰੀਡਿੰਗ ਐਂਡ ਰਿਸਰਚ ਸੈਂਟਰ’ ਦਾ ਉਦਘਾਟਨ ਕੀਤਾ। ਇਸ ਕੇਂਦਰ ਦੀ ਸਥਾਪਨਾ ਦਾ ਮੁੱਖ ਉਦੇਸ਼ ਦੇਸੀ ਗਾਵਾਂ ਅਤੇ ਮੱਝਾਂ ਦੀਆਂ ਨਸਲਾਂ ਵਿੱਚ ਸੁਧਾਰ ਕਰਨਾ ਅਤੇ ਦੇਸ਼ ਵਿੱਚ ਦੁੱਧ ਉਤਪਾਦਨ ਨੂੰ ਵਧਾਉਣਾ ਹੈ।
ਆਪਣੇ ਦੋ ਦਿਨਾਂ ਗੁਜਰਾਤ ਦੌਰੇ ਦੌਰਾਨ ਭੀਲਡੀ ਪਹੁੰਚੇ ਪ੍ਰਧਾਨ ਮੰਤਰੀ ਨੇ ਕੇਂਦਰ ਦਾ ਦੌਰਾ ਕੀਤਾ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ। ਅਧਿਕਾਰਤ ਜਾਣਕਾਰੀ ਮੁਤਾਬਕ ਇਹ ਕੇਂਦਰ 127 ਏਕੜ ਰਕਬੇ ਵਿੱਚ ਬਣਾਇਆ ਗਿਆ ਹੈ।
ਇਸ ਪ੍ਰੋਜੈਕਟ ਨੂੰ ਬਨਾਸ ਡੇਅਰੀ ਵੱਲੋਂ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੀ ਤਕਨੀਕੀ ਸਹਾਇਤਾ ਅਤੇ ਕੇਂਦਰ ਸਰਕਾਰ ਦੇ ਰਾਸ਼ਟਰੀ ਗੋਕੁਲ ਮਿਸ਼ਨ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਬਨਾਸ ਡੇਅਰੀ ਦੇ ਚੇਅਰਮੈਨ ਤੇ ਵਿਧਾਨ ਸਭਾ ਦੇ ਸਪੀਕਰ ਸ਼ੰਕਰ ਚੌਧਰੀ ਵੀ ਮੌਜੂਦ ਰਹੇ।
ਆਧੁਨਿਕ ਤਕਨੀਕ ਨਾਲ ਵਧੇਗੀ ਪਸ਼ੂਆਂ ਦੀ ਨਸਲ ਦੀ ਗੁਣਵੱਤਾ
ਇਸ ਕੇਂਦਰ ਵਿੱਚ ਪਸ਼ੂਆਂ ਦੀ ਨਸਲ ਸੁਧਾਰਨ ਲਈ ਇਨ-ਵਿਟਰੋ ਫਰਟੀਲਾਈਜ਼ੇਸ਼ਨ (IVF) ਅਤੇ ਭਰੂਣ ਟ੍ਰਾਂਸਪਲਾਂਟੇਸ਼ਨ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਦਾ ਟੀਚਾ ਹਰ ਸਾਲ 25 ਹਜ਼ਾਰ ਉੱਚ ਗੁਣਵੱਤਾ ਵਾਲੇ ਭਰੂਣ ਤਿਆਰ ਕਰਨਾ ਹੈ, ਤਾਂ ਜੋ ਵਧੀਆ ਨਸਲ ਦੇ ਪਸ਼ੂਆਂ ਦੀ ਗਿਣਤੀ ਵਧਾਈ ਜਾ ਸਕੇ ਅਤੇ ਦੁੱਧ ਉਤਪਾਦਨ ਵਿੱਚ ਵਾਧਾ ਹੋਵੇ।
ਗਾਵਾਂ ਤੇ ਮੱਝਾਂ ਦੀਆਂ ਇਨ੍ਹਾਂ ਨਸਲਾਂ ’ਤੇ ਰਹੇਗਾ ਧਿਆਨ
ਕੇਂਦਰ ਵਿੱਚ ਕਾਂਕਰੇਜ, ਗਿਰ, ਸਾਹੀਵਾਲ ਅਤੇ ਥਾਰਪਾਰਕਰ ਵਰਗੀਆਂ ਦੇਸੀ ਗਾਵਾਂ ਦੀਆਂ ਨਸਲਾਂ ’ਤੇ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਹਿਸਾਣਾ, ਬੰਨੀ, ਜਾਫ਼ਰਾਬਾਦੀ ਅਤੇ ਮੁਰਾਹ ਵਰਗੀਆਂ ਮੱਝਾਂ ਦੀਆਂ ਨਸਲਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਪਹਿਲਕਦਮੀ ਦਾ ਮਕਸਦ ਪਸ਼ੂ ਪਾਲਕਾਂ ਨੂੰ ਘੱਟ ਗਿਣਤੀ ਵਿੱਚ ਪਸ਼ੂ ਰੱਖ ਕੇ ਵੀ ਵੱਧ ਦੁੱਧ ਉਤਪਾਦਨ ਕਰਨ ਦੇ ਯੋਗ ਬਣਾਉਣਾ ਹੈ। ਇਸ ਨਾਲ ਪਸ਼ੂਆਂ ਦੀ ਦੇਖਭਾਲ ’ਤੇ ਵਧ ਰਹੇ ਖਰਚੇ ਅਤੇ ਚਾਰੇ ਦੀ ਘੱਟ ਉਪਲਬਧਤਾ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਮਦਦ ਮਿਲ ਸਕਦੀ ਹੈ।
ਪਸ਼ੂ ਪਾਲਕਾਂ ਨੂੰ ਮਿਲਣਗੀਆਂ ਕਿਫਾਇਤੀ ਸੇਵਾਵਾਂ
ਸਰਕਾਰ ਮੁਤਾਬਕ ਇਸ ਕੇਂਦਰ ਰਾਹੀਂ ਪਸ਼ੂ ਪਾਲਕਾਂ ਨੂੰ ਕਿਫਾਇਤੀ ਦਰਾਂ ’ਤੇ ਉੱਚ ਗੁਣਵੱਤਾ ਵਾਲਾ ਵੀਰਜ, ਭਰੂਣ ਅਤੇ ਪ੍ਰਜਨਨ ਨਾਲ ਜੁੜੀਆਂ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਨਾਲ ਡੇਅਰੀ ਕਿਸਾਨਾਂ ਨੂੰ ਆਪਣੇ ਪਸ਼ੂਆਂ ਦੀ ਨਸਲ ਸੁਧਾਰਨ ਅਤੇ ਉਤਪਾਦਕਤਾ ਵਧਾਉਣ ਵਿੱਚ ਸਹਾਇਤਾ ਮਿਲੇਗੀ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਆਪਣੇ ਦੌਰੇ ਦੌਰਾਨ ਭੀਲਡੀ ਵਿੱਚ ਬਨਾਸ ਡੇਅਰੀ ਦੇ ਪੰਜ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ।





