ਜੈਪੁਰ : ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਕਰਧਨੀ ਇਲਾਕੇ ਤੋਂ ਇੱਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਗੋਵਿੰਦ ਵਾਟਿਕਾ ਸਥਿਤ ਇੱਕ ਘਰ ਵਿੱਚ ਇੱਕ ਵਿਅਕਤੀ ‘ਤੇ ਆਪਣੀ ਪਤਨੀ ਅਤੇ ਤਿੰਨ ਧੀਆਂ ਦੀ ਹੱਤਿਆ ਕਰਨ ਦਾ ਦੋਸ਼ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਮੁਲਜ਼ਮ ਨੇ ਆਪਣੇ ਬਜ਼ੁਰਗ ਪਿਤਾ ਲਈ ਚਾਹ ਬਣਾਈ, ਫਿਰ ਤਿਆਰ ਹੋ ਕੇ ਘਰ ਤੋਂ ਚਲਾ ਗਿਆ।
ਪੁਲਿਸ ਨੇ ਮੁਲਜ਼ਮ ਦੀ ਪਛਾਣ ਰਾਹੁਲ ਝਾ ਵਜੋਂ ਕੀਤੀ ਹੈ। ਮ੍ਰਿਤਕਾਂ ਵਿੱਚ ਉਸ ਦੀ ਪਤਨੀ ਗੀਤਾ (40) ਅਤੇ ਧੀਆਂ ਨੰਦਨੀ (23), ਰਾਧਿਕਾ (17) ਅਤੇ ਗ੍ਰੇਸੀਆ ਉਰਫ਼ ਗੌਰੀ (14) ਸ਼ਾਮਲ ਹਨ। ਚਾਰਾਂ ਦੇ ਮ੍ਰਿਤਕ ਸਰੀਰ ਘਰ ਦੇ ਵੱਖ-ਵੱਖ ਕਮਰਿਆਂ ਵਿੱਚੋਂ ਮਿਲੇ।
ਪਿਤਾ ਨੂੰ ਚਾਹ ਪਿਲਾ ਕੇ ਘਰੋਂ ਨਿਕਲ ਗਿਆ
ਪੁਲਿਸ ਦੇ ਅਨੁਸਾਰ ਰਾਹੁਲ ਦੇ ਪਿਤਾ ਲਕਸ਼ਮੀ ਨਾਥ ਝਾ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਚਾਹ ਬਾਰੇ ਪੁੱਛਿਆ। ਇਸ ਤੋਂ ਬਾਅਦ ਰਾਹੁਲ ਦੁੱਧ ਲੈ ਕੇ ਆਇਆ ਅਤੇ ਪਿਤਾ ਲਈ ਚਾਹ ਬਣਾਈ। ਚਾਹ ਦੇਣ ਤੋਂ ਬਾਅਦ ਉਸ ਨੇ ਖੁਦ ਤਿਆਰ ਹੋ ਕੇ ਘਰ ਛੱਡ ਦਿੱਤਾ।
ਕੁਝ ਸਮੇਂ ਬਾਅਦ ਬਜ਼ੁਰਗ ਪਿਤਾ ਨੂੰ ਘਰ ਵਿੱਚ ਕੁਝ ਗੜਬੜ ਦਾ ਅਹਿਸਾਸ ਹੋਇਆ। ਉਨ੍ਹਾਂ ਨੇ ਗੁਆਂਢੀਆਂ ਨੂੰ ਆਵਾਜ਼ ਦਿੱਤੀ। ਗੁਆਂਢੀ ਮਹਿਲਾ ਨੇ ਘਰ ਅੰਦਰ ਜਾ ਕੇ ਚਾਰਾਂ ਨੂੰ ਮ੍ਰਿਤਕ ਹਾਲਤ ਵਿੱਚ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਕਤਲ ਦੇ ਕਾਰਨ ਦੀ ਜਾਂਚ ਜਾਰੀ
ਪੁਲਿਸ ਵੱਲੋਂ ਇਸ ਘਟਨਾ ਦੇ ਪਿੱਛੇ ਦੀ ਵਜ੍ਹਾ ਪਤਾ ਕਰਨ ਲਈ ਕਈ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਆਰਥਿਕ ਪਰੇਸ਼ਾਨੀ ਅਤੇ ਪਤੀ-ਪਤਨੀ ਵਿਚਾਲੇ ਵਿਵਾਦ ਸਮੇਤ ਕਈ ਸੰਭਾਵਨਾਵਾਂ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਘਰ ਵਿੱਚ ਕਿਸੇ ਵੱਡੇ ਵਿਵਾਦ ਜਾਂ ਅਜਿਹੀ ਘਟਨਾ ਦੇ ਸੰਕੇਤ ਪਹਿਲਾਂ ਸਾਹਮਣੇ ਨਹੀਂ ਆਏ ਸਨ। ਰਾਹੁਲ ਦੀ ਭਤੀਜੀ ਸਿਮਰਨ ਨੇ ਦੱਸਿਆ ਕਿ ਘਟਨਾ ਤੋਂ ਇੱਕ ਰਾਤ ਪਹਿਲਾਂ ਉਸ ਦੀ ਗੀਤਾ ਨਾਲ ਵੀਡੀਓ ਕਾਲ ‘ਤੇ ਗੱਲ ਹੋਈ ਸੀ ਅਤੇ ਉਸ ਸਮੇਂ ਸਭ ਕੁਝ ਆਮ ਲੱਗ ਰਿਹਾ ਸੀ।
ਪਰਿਵਾਰ ਬਾਰੇ ਵੀ ਸਾਹਮਣੇ ਆਈ ਜਾਣਕਾਰੀ
ਪਰਿਵਾਰ ਮੁਤਾਬਕ ਗੀਤਾ ਬਿਊਟੀ ਪਾਰਲਰ ਚਲਾਉਂਦੀ ਸੀ, ਜਦਕਿ ਵੱਡੀ ਧੀ ਨੰਦਨੀ ਨੇ ਹਾਲ ਹੀ ਵਿੱਚ ਇੱਕ ਨਿੱਜੀ ਕੰਪਨੀ ਦੇ ਅਕਾਊਂਟਸ ਵਿਭਾਗ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਰਾਹੁਲ ਛੋਟਾ ਕਾਰੋਬਾਰ ਕਰਨ ਦੇ ਨਾਲ-ਨਾਲ ਸ਼ੇਅਰ ਬਾਜ਼ਾਰ ਵਿੱਚ ਵੀ ਟ੍ਰੇਡਿੰਗ ਕਰਦਾ ਸੀ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਆਖਿਰ ਅਜਿਹੀ ਘਟਨਾ ਕਿਉਂ ਵਾਪਰੀ।
ਪੁਲਿਸ ਕਰ ਰਹੀ ਹੈ ਹਰ ਐਂਗਲ ਤੋਂ ਜਾਂਚ
ਪੁਲਿਸ ਨੇ ਘਟਨਾ ਨਾਲ ਜੁੜੇ ਸਬੂਤ ਇਕੱਠੇ ਕਰ ਲਏ ਹਨ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਘਟਨਾ ਪਹਿਲਾਂ ਤੋਂ ਯੋਜਨਾਬੱਧ ਸੀ ਜਾਂ ਕਿਸੇ ਵਿਵਾਦ ਤੋਂ ਬਾਅਦ ਅੰਜਾਮ ਦਿੱਤਾ ਗਿਆ।
ਇਸ ਤੋਂ ਇਲਾਵਾ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਪੀੜਤਾਂ ਨੂੰ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਕਰਵਾਇਆ ਗਿਆ ਸੀ। ਇਸ ਦੀ ਪੁਸ਼ਟੀ ਫੋਰੈਂਸਿਕ ਅਤੇ ਟੌਕਸੀਕੋਲੋਜੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।
ACP ਝੋਟਵਾੜਾ ਸ਼ਿਵ ਕੁਮਾਰ ਭਾਰਦਵਾਜ ਨੇ ਕਿਹਾ ਕਿ ਘਟਨਾ ਦੇ ਪਿੱਛੇ ਦੇ ਸਾਰੇ ਸੰਭਾਵਿਤ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ।










