ਕੈਲੀਫੋਰਨੀਆ/ਮੈਡਰਿਡ: ਪੰਜਾਬੀ ਖੇਡ ਜਗਤ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਫਰਿਜ਼ਨੋ ਵਾਸੀ ਪੰਜਾਬੀ ਮੁੱਕੇਬਾਜ਼ ਪ੍ਰਭਜੋਤ ਸਿੰਘ ਮਾਨ ਦਾ ਗੰਭੀਰ ਸੱਟ ਲੱਗਣ ਕਾਰਨ ਦੇਹਾਂਤ ਹੋ ਗਿਆ ਹੈ। ਉਹ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਮੁਏ ਥਾਈ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਸਨ, ਜਿੱਥੇ 7 ਨਵੰਬਰ ਨੂੰ ਮੁਕਾਬਲੇ ਦੌਰਾਨ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਸੀ।
ਮੁਕਾਬਲੇ ਦੌਰਾਨ ਜ਼ਖ਼ਮੀ ਹੋਣ ਤੋਂ ਬਾਅਦ ਪ੍ਰਭਜੋਤ ਸਿੰਘ ਮਾਨ ਨੂੰ ਹੈਲੀਕਾਪਟਰ ਰਾਹੀਂ ਨੇੜਲੇ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਸੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਲਈ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ, ਪਰ ਉਹ ਜ਼ਿੰਦਗੀ ਦੀ ਜੰਗ ਨਹੀਂ ਜਿੱਤ ਸਕੇ।
ਪ੍ਰਭਜੋਤ ਸਿੰਘ ਮਾਨ ਸਿਰਫ਼ ਇੱਕ ਖਿਡਾਰੀ ਹੀ ਨਹੀਂ ਸਨ, ਸਗੋਂ ਅਮਰੀਕਾ ਵਿੱਚ ਵੱਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਨਾਲ ਵੀ ਡੂੰਘਾ ਜੁੜਾਅ ਰੱਖਦੇ ਸਨ। ਉਹ ਨੌਜਵਾਨਾਂ ਦੀ ਮਦਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਹੀ ਦਿਸ਼ਾ ਦਿਖਾਉਣ ਦਾ ਕੰਮ ਵੀ ਕਰਦੇ ਸਨ। ਇਸ ਤੋਂ ਇਲਾਵਾ ਉਹ ਰਵਾਇਤੀ ਭੰਗੜਾ ਸਿਖਾਉਣ ਵਿੱਚ ਵੀ ਯੋਗਦਾਨ ਪਾਉਂਦੇ ਰਹੇ।
ਉਹ ਫਰਿਜ਼ਨੋ ਦੇ ਥ੍ਰੀ ਕਿੰਗਜ਼ ਮੁਏ ਥਾਈ ਜਿਮ ਵਿੱਚ ਸਿਖਲਾਈ ਲੈਂਦੇ ਸਨ। ਉਨ੍ਹਾਂ ਦਾ ਐਮੇਚਿਓਰ ਮੁਏ ਥਾਈ ਰਿਕਾਰਡ 6 ਜਿੱਤਾਂ ਅਤੇ 1 ਹਾਰ ਦਾ ਸੀ।
ਪ੍ਰਭਜੋਤ ਸਿੰਘ ਦੇ ਇਲਾਜ ਅਤੇ ਹੋਰ ਖਰਚਿਆਂ ਲਈ ਉਨ੍ਹਾਂ ਦੇ ਭਰਾ ਸੁਖਜੋਤ ਸਿੰਘ ਮਾਨ ਵੱਲੋਂ GoFundMe ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਨੂੰ ਪੰਜਾਬੀ ਭਾਈਚਾਰੇ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਮਰਥਨ ਦਿੱਤਾ। ਰਿਪੋਰਟਾਂ ਮੁਤਾਬਕ 4 ਲੱਖ ਡਾਲਰ ਦੇ ਟੀਚੇ ਦੇ ਮੁਕਾਬਲੇ 4.40 ਲੱਖ ਡਾਲਰ ਤੋਂ ਵੱਧ ਦੀ ਰਕਮ ਇਕੱਠੀ ਹੋਈ। ਪ੍ਰਭਜੋਤ ਸਿੰਘ ਮਾਨ ਦੇ ਦਿਹਾਂਤ ਦੀ ਖ਼ਬਰ ਨਾਲ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
