ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਸਵੇਰੇ ਸਾਹਿਬਾਬਾਦ ਅਤੇ ਨਿਊ ਅਸ਼ੋਕ ਨਗਰ ਦੇ ਵਿਚਕਾਰ ਦਿੱਲੀ-ਮੇਰਠ ਨਮੋ ਭਾਰਤ ਕਾਰੀਡੋਰ (The Delhi-Meerut Namo Bharat Corridor) ਦੇ 13 ਕਿਲੋਮੀਟਰ ਦੇ ਵਾਧੂ ਹਿੱਸੇ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅੱਜ ਸਵੇਰੇ 11 ਵਜੇ ਹਿੰਡਨ ਪਹੁੰਚਣਗੇ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਪੁਲਿਸ ਪ੍ਰਸ਼ਾਸਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਹਾਜ਼ ਸਵੇਰੇ 11 ਵਜੇ ਹਿੰਡਨ ਏਅਰਬੇਸ ‘ਤੇ ਉਤਰੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੜਕ ਰਾਹੀਂ ਸਾਹਿਬਾਬਾਦ ਰੈਪਿਡਐਕਸ ਨਮੋ ਭਾਰਤ ਸਟੇਸ਼ਨ ਜਾਣਗੇ। ਜਿੱਥੇ ਤੀਜੇ ਪੜਾਅ ਦਾ ਉਦਘਾਟਨ ਕੀਤਾ ਜਾਵੇਗਾ। ਪੀ.ਐਮ ਮੋਦੀ ਸਾਹਿਬਾਬਾਦ ਤੋਂ ਆਨੰਦ ਵਿਹਾਰ (ਦਿੱਲੀ) ਤੱਕ ਨਮੋ ਭਾਰਤ ਟਰੇਨ ਵਿੱਚ ਵੀ ਸਫਰ ਕਰਨਗੇ। ਹਾਲਾਂਕਿ ਜੇਕਰ ਮੌਸਮ ਖ਼ਰਾਬ ਹੁੰਦਾ ਹੈ ਤਾਂ ਦਿੱਲੀ ਤੋਂ ਸਾਹਿਬਾਬਾਦ ਤੱਕ ਸੜਕ ਮਾਰਗ ਦਾ ਵਿਕਲਪ ਵੀ ਰੱਖਿਆ ਗਿਆ ਹੈ, ਜਿਸ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਦੌਰੇ ਦੇ ਮੱਦੇਨਜ਼ਰ, ਗਾਜ਼ੀਆਬਾਦ ਟ੍ਰੈਫਿਕ ਪੁਲਿਸ ਨੇ ਅੱਜ ਸਵੇਰੇ 7 ਵਜੇ ਤੋਂ ਪ੍ਰੋਗਰਾਮ ਦੇ ਅੰਤ ਤੱਕ ਰੂਟ ਡਾਇਵਰਸ਼ਨ ਦੀ ਸਲਾਹ ਜਾਰੀ ਕੀਤੀ ਹੈ। ਮੋਹਨਨਗਰ ਅਤੇ ਹਿੰਡਨ ਏਅਰ ਫੋਰਸ ਸਟੇਸ਼ਨ ਦੇ ਪ੍ਰਵੇਸ਼ ਦੁਆਰ ਦੇ ਵਿਚਕਾਰ ਹਰ ਤਰ੍ਹਾਂ ਦੇ ਵਾਹਨਾਂ ‘ਤੇ ਪੂਰਨ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਮੋਹਨਨਗਰ ਅਤੇ ਯੂ.ਪੀ ਗੇਟ ਵਿਚਕਾਰ ਵਾਹਨਾਂ ਦੀ ਆਵਾਜਾਈ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਸਾਹਿਬਾਬਾਦ ਅਤੇ ਮੇਰਠ ਦੱਖਣ ਵਿਚਕਾਰ 9 ਸਟੇਸ਼ਨਾਂ ਵਾਲਾ 42 ਕਿਲੋਮੀਟਰ ਲੰਬਾ ਕਾਰੀਡੋਰ ਯਾਤਰੀਆਂ ਲਈ ਚਾਲੂ ਹੈ। ਇਸ ਉਦਘਾਟਨ ਦੇ ਨਾਲ, ਨਮੋ ਭਾਰਤ ਕਾਰੀਡੋਰ ਦਾ ਸੰਚਾਲਨ ਭਾਗ 55 ਕਿਲੋਮੀਟਰ ਤੱਕ ਫੈਲ ਜਾਵੇਗਾ, ਜਿਸ ਵਿੱਚ ਕੁੱਲ 11 ਸਟੇਸ਼ਨ ਹੋਣਗੇ।
ਉਦਘਾਟਨ ਤੋਂ ਬਾਅਦ, ਨਮੋ ਭਾਰਤ ਰੇਲ ਗੱਡੀਆਂ ਅੱਜ ਸ਼ਾਮ 5 ਵਜੇ ਤੋਂ ਹਰ 15 ਮਿੰਟ ਦੇ ਅੰਤਰਾਲ ‘ਤੇ ਯਾਤਰੀਆਂ ਲਈ ਉਪਲਬਧ ਹੋਣਗੀਆਂ। ਦਿੱਲੀ ਤੋਂ ਮੇਰਠ ਦੀ ਦਿਸ਼ਾ ਵਿੱਚ ਪਹਿਲੇ ਸੰਚਾਲਨ ਸਟੇਸ਼ਨ ਨਿਊ ਅਸ਼ੋਕ ਨਗਰ ਸਟੇਸ਼ਨ ਤੋਂ ਮੇਰਠ ਦੱਖਣ ਤੱਕ ਦਾ ਕਿਰਾਇਆ ਸਟੈਂਡਰਡ ਕੋਚ ਲਈ 150 ਰੁਪਏ ਅਤੇ ਪ੍ਰੀਮੀਅਮ ਕੋਚ ਲਈ 225 ਰੁਪਏ ਹੈ। ਇਸ ਸੈਕਸ਼ਨ ‘ਤੇ ਸੰਚਾਲਨ ਸ਼ੁਰੂ ਹੋਣ ਨਾਲ, ਮੇਰਠ ਸ਼ਹਿਰ ਹੁਣ ਨਮੋ ਭਾਰਤ ਟਰੇਨ ਰਾਹੀਂ ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਸਿੱਧਾ ਜੁੜ ਗਿਆ ਹੈ।
