ਕਰਨਾਟਕ: ਕਰਨਾਟਕ ਸਰਕਾਰ ਨੇ ਦੁੱਧ ਉਤਪਾਦਕ ਕਿਸਾਨਾਂ ਨੂੰ ਰਾਹਤ ਦੇਣ ਲਈ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੀਟਿੰਗ ਵਿੱਚ ਦੁੱਧ ਦੇ ਭਾਅ 8 ਰੁਪਏ ਪ੍ਰਤੀ ਲੀਟਰ ਵਧਾਉਣ ’ਤੇ ਸਹਿਮਤੀ ਬਣੀ। ਨਵੀਆਂ ਦਰਾਂ 1 ਨਵੰਬਰ ਤੋਂ ਲਾਗੂ ਹੋਣਗੀਆਂ।
ਕੈਬਨਿਟ ਮੀਟਿੰਗ ਤੋਂ ਬਾਅਦ ਮੰਤਰੀ ਕ੍ਰਿਸ਼ਨਾ ਬਾਇਰ ਗੌੜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੀਮਤਾਂ ਵਿੱਚ ਕੀਤੇ ਗਏ ਕੁੱਲ 8 ਰੁਪਏ ਦੇ ਵਾਧੇ ਵਿੱਚੋਂ 7 ਰੁਪਏ ਸਿੱਧੇ ਦੁੱਧ ਉਤਪਾਦਕ ਕਿਸਾਨਾਂ ਨੂੰ ਮਿਲਣਗੇ, ਜਦਕਿ 1 ਰੁਪਇਆ ਦੁੱਧ ਸਹਿਕਾਰੀ ਸਭਾਵਾਂ ਨੂੰ ਦਿੱਤਾ ਜਾਵੇਗਾ।
ਕਿਸਾਨਾਂ ਦੀ ਮੰਗ ਤੋਂ ਬਾਅਦ ਲਿਆ ਗਿਆ ਫੈਸਲਾ
ਮੰਤਰੀ ਨੇ ਦੱਸਿਆ ਕਿ ਦੁੱਧ ਉਤਪਾਦਕ ਕਿਸਾਨ ਲੰਬੇ ਸਮੇਂ ਤੋਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਉਹ ਦੁੱਧ ਦੀ ਖਰੀਦ ਕੀਮਤ ਵਧਾਉਣ ਦੀ ਮੰਗ ਕਰ ਰਹੇ ਸਨ ਅਤੇ ਇਸ ਸਬੰਧੀ ਕਿਸਾਨਾਂ ਵੱਲੋਂ ਪ੍ਰਦਰਸ਼ਨ ਵੀ ਕੀਤੇ ਗਏ ਸਨ।
ਇਸ ਦੌਰਾਨ ਕਿਸਾਨਾਂ ਦੇ ਨੁਮਾਇੰਦਿਆਂ ਅਤੇ ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਸਮੇਤ ਸਬੰਧਤ ਮੰਤਰੀਆਂ ਨਾਲ ਮੁਲਾਕਾਤ ਕਰਕੇ ਦੁੱਧ ਦੀ ਕੀਮਤ ਵਿੱਚ ਘੱਟੋ-ਘੱਟ 10 ਰੁਪਏ ਪ੍ਰਤੀ ਲੀਟਰ ਵਾਧਾ ਕਰਨ ਦੀ ਮੰਗ ਰੱਖੀ ਸੀ।
ਮੰਤਰੀ ਮੁਤਾਬਕ, ਕੈਬਨਿਟ ਵਿੱਚ ਇਸ ਮੁੱਦੇ ’ਤੇ ਦੋ ਤੋਂ ਤਿੰਨ ਦੌਰ ਦੀ ਚਰਚਾ ਹੋਈ। ਕਿਸਾਨਾਂ ਦੀ ਮੰਗ ਅਤੇ ਆਮ ਲੋਕਾਂ ’ਤੇ ਪੈਣ ਵਾਲੇ ਆਰਥਿਕ ਬੋਝ ਨੂੰ ਧਿਆਨ ਵਿੱਚ ਰੱਖਦਿਆਂ ਆਖ਼ਰਕਾਰ 8 ਰੁਪਏ ਪ੍ਰਤੀ ਲੀਟਰ ਵਾਧੇ ਦਾ ਫੈਸਲਾ ਕੀਤਾ ਗਿਆ।
ਕਿਸਾਨਾਂ ਨੂੰ ਹੁਣ ਕੁੱਲ 47 ਰੁਪਏ ਪ੍ਰਤੀ ਲੀਟਰ ਮਿਲਣਗੇ
ਕ੍ਰਿਸ਼ਨਾ ਬਾਇਰ ਗੌੜਾ ਨੇ ਦੱਸਿਆ ਕਿ ਫਿਲਹਾਲ ਕਰਨਾਟਕ ਵਿੱਚ ਕਿਸਾਨਾਂ ਨੂੰ ਦੁੱਧ ਦੇ ਬਦਲੇ ਲਗਭਗ 35 ਰੁਪਏ ਪ੍ਰਤੀ ਲੀਟਰ ਮਿਲਦੇ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ 5 ਰੁਪਏ ਪ੍ਰਤੀ ਲੀਟਰ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਂਦੀ ਹੈ।
ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਕਿਸਾਨਾਂ ਨੂੰ ਦੁੱਧ ਦੀ ਕੀਮਤ ਵਜੋਂ 42 ਰੁਪਏ ਪ੍ਰਤੀ ਲੀਟਰ ਮਿਲਣਗੇ। ਇਸ ਦੇ ਨਾਲ ਹੀ ਸਰਕਾਰ ਵੱਲੋਂ ਦਿੱਤੀ ਜਾ ਰਹੀ 5 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਜਾਰੀ ਰਹੇਗੀ। ਇਸ ਤਰ੍ਹਾਂ ਕਿਸਾਨਾਂ ਨੂੰ ਕੁੱਲ 47 ਰੁਪਏ ਪ੍ਰਤੀ ਲੀਟਰ ਮਿਲਣਗੇ।
1 ਨਵੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
ਸਰਕਾਰ ਵੱਲੋਂ ਕੀਤੇ ਗਏ ਐਲਾਨ ਮੁਤਾਬਕ, ਦੁੱਧ ਦੀਆਂ ਨਵੀਆਂ ਕੀਮਤਾਂ 1 ਨਵੰਬਰ ਤੋਂ ਲਾਗੂ ਹੋ ਜਾਣਗੀਆਂ। ਵਾਧੂ ਮਿਲਣ ਵਾਲੇ 8 ਰੁਪਏ ਵਿੱਚੋਂ 7 ਰੁਪਏ ਕਿਸਾਨਾਂ ਦੇ ਹਿੱਸੇ ਆਉਣਗੇ ਅਤੇ 1 ਰੁਪਇਆ ਸਹਿਕਾਰੀ ਸਭਾਵਾਂ ਨੂੰ ਦਿੱਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਕਰਨਾਟਕ ਦੇ ਲੱਖਾਂ ਦੁੱਧ ਉਤਪਾਦਕ ਕਿਸਾਨ ਪਰਿਵਾਰਾਂ ਨੂੰ ਆਰਥਿਕ ਮਦਦ ਮਿਲੇਗੀ।
