Home National ਤਾਮਿਲਨਾਡੂ ’ਚ ਸ਼ਰਾਬ ਖਰੀਦਣ ਵਾਲਿਆਂ ਨੂੰ ਲੱਗਾ ਵੱਡਾ ਝਟਕਾ

ਤਾਮਿਲਨਾਡੂ ’ਚ ਸ਼ਰਾਬ ਖਰੀਦਣ ਵਾਲਿਆਂ ਨੂੰ ਲੱਗਾ ਵੱਡਾ ਝਟਕਾ

0

ਤਾਮਿਲਨਾਡੂ: ਤਾਮਿਲਨਾਡੂ ਵਿੱਚ ਸ਼ਰਾਬ ਖਰੀਦਣ ਵਾਲਿਆਂ ਨੂੰ ਹੁਣ ਹਰ ਬੋਤਲ ਲਈ 10 ਰੁਪਏ ਵਾਧੂ ਦੇਣੇ ਪੈਣਗੇ। ਸੂਬੇ ਦੀ ਸਰਕਾਰੀ ਸ਼ਰਾਬ ਵਿਕਰੀ ਕੰਪਨੀ TASMAC ਨੇ ਵਾਤਾਵਰਣ ਅਤੇ ਸਮਾਜਿਕ ਭਲਾਈ ਸੈੱਸ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਨਵੀਆਂ ਦਰਾਂ ਐਤਵਾਰ ਤੋਂ ਲਾਗੂ ਹੋਣਗੀਆਂ।

ਤਾਮਿਲਨਾਡੂ ਸਰਕਾਰ ਨੇ ਸ਼ਰਾਬ ਦੀ ਵਿਕਰੀ ’ਤੇ ਨਵਾਂ ਵਾਤਾਵਰਣ ਸੈੱਸ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਸੂਬੇ ਵਿੱਚ ਸ਼ਰਾਬ ਦੀਆਂ ਬੋਤਲਾਂ ਦੀ ਕੀਮਤ ਵਧ ਜਾਵੇਗੀ। ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (TASMAC) ਵੱਲੋਂ ਜਾਰੀ ਨਵੇਂ ਨਿਯਮਾਂ ਤਹਿਤ ਗਾਹਕਾਂ ਨੂੰ ਹਰ ਬੋਤਲ ਦੀ ਖਰੀਦ ’ਤੇ 10 ਰੁਪਏ ਵਾਧੂ ਅਦਾ ਕਰਨੇ ਪੈਣਗੇ।

ਨਵੇਂ ਨਿਯਮਾਂ ਅਨੁਸਾਰ ਰਿਟੇਲ ਦੁਕਾਨਾਂ ਤੋਂ ਭਾਰਤ ਵਿੱਚ ਬਣੀ ਵਿਦੇਸ਼ੀ ਸ਼ਰਾਬ (IMFL), ਬੀਅਰ ਅਤੇ ਵਾਈਨ ਖਰੀਦਣ ’ਤੇ 10 ਰੁਪਏ ਦਾ ਵਾਧੂ ਸੈੱਸ ਲਿਆ ਜਾਵੇਗਾ। ਇਹ ਰਕਮ ਗਾਹਕ ਵੱਲੋਂ ਬੋਤਲ ਖਰੀਦਣ ਸਮੇਂ ਹੀ ਕੀਮਤ ਵਿੱਚ ਜੋੜ ਦਿੱਤੀ ਜਾਵੇਗੀ।

TASMAC ਦੇ ਇੱਕ ਸਰਕੂਲਰ ਦਾ ਹਵਾਲਾ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਸ਼ਰਾਬ ਨਿਰਮਾਤਾਵਾਂ ਅਤੇ ਸਪਲਾਇਰਾਂ ਸਮੇਤ ਸਪਲਾਈ ਚੇਨ ਨਾਲ ਜੁੜੀਆਂ ਸਾਰੀਆਂ ਧਿਰਾਂ ਨੂੰ ਕੀਮਤਾਂ ਵਿੱਚ ਲੋੜੀਂਦੇ ਬਦਲਾਅ ਕਰਨ ਲਈ ਕਿਹਾ ਗਿਆ ਹੈ।

ਨਵੀਆਂ ਦਰਾਂ ਲਾਗੂ ਹੋਣ ਤੋਂ ਪਹਿਲਾਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਰਿਟੇਲ ਦੁਕਾਨਾਂ ਅਤੇ ਲਾਇਸੈਂਸਸ਼ੁਦਾ ਅਦਾਰਿਆਂ ਨੂੰ ਤਿਆਰੀਆਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਅਧਿਕਾਰੀ ਮੁਤਾਬਕ ਇਸ ਨਵੇਂ ਸੈੱਸ ਨਾਲ ਸਰਕਾਰ ਨੂੰ ਵਾਧੂ ਆਮਦਨ ਹੋਣ ਦੀ ਉਮੀਦ ਹੈ। ਇਸ ਰਕਮ ਦੀ ਵਰਤੋਂ ਵਾਤਾਵਰਣ ਅਤੇ ਸਮਾਜਿਕ ਭਲਾਈ ਨਾਲ ਜੁੜੇ ਕੰਮਾਂ ਲਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ TASMAC ਨੇ ਨਿਰਮਾਤਾਵਾਂ ਅਤੇ ਥੋਕ ਡਿਪੂਆਂ ਨੂੰ ਬੋਤਲਾਂ ’ਤੇ ਸਹੀ ਕੀਮਤ ਅਤੇ QR ਕੋਡ ਲਗਾਉਣ ਦੀ ਹਦਾਇਤ ਦਿੱਤੀ ਹੈ। ਦੁਕਾਨਦਾਰਾਂ ਅਤੇ ਕਰਮਚਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਨਿਰਧਾਰਤ ਕੀਮਤ ਤੋਂ ਇਲਾਵਾ ਗਾਹਕਾਂ ਤੋਂ ਕੋਈ ਗ਼ੈਰ-ਅਧਿਕਾਰਤ ਰਕਮ ਨਾ ਲਈ ਜਾਵੇ।

ਨਵੇਂ ਪ੍ਰਬੰਧ ਵਿੱਚ ਗਾਹਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਉਹ ਖਾਲੀ ਬੋਤਲ ਅਧਿਕਾਰਤ ਵਿਕਰੇਤਾ ਕੋਲ ਵਾਪਸ ਕਰਕੇ 10 ਰੁਪਏ ਮੁੜ ਪ੍ਰਾਪਤ ਕਰ ਸਕਣਗੇ। ਇਸ ਤਰ੍ਹਾਂ ਬੋਤਲ ਵਾਪਸ ਕਰਨ ’ਤੇ ਪਹਿਲਾਂ ਵਸੂਲ ਕੀਤੀ ਗਈ ਵਾਧੂ ਰਕਮ ਵਾਪਸ ਮਿਲ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version