Home National ਦੀਵਾਲੀ ਤੋਂ ਪਹਿਲਾਂ ਲੁਧਿਆਣਾ ’ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ

ਦੀਵਾਲੀ ਤੋਂ ਪਹਿਲਾਂ ਲੁਧਿਆਣਾ ’ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ

0

ਲੁਧਿਆਣਾ: ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੋਕਣ ਲਈ ਸਿਹਤ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਫੂਡ ਸੇਫਟੀ ਵਿੰਗ ਦੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਕੋਲਡ ਸਟੋਰਾਂ ’ਤੇ ਅਚਨਚੇਤ ਛਾਪੇਮਾਰੀ ਕਰਦਿਆਂ ਇੱਕ ਟਨ ਤੋਂ ਵੱਧ ਪੁਰਾਣੀਆਂ ਮਠਿਆਈਆਂ ਨਸ਼ਟ ਕਰਵਾਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਮਠਿਆਈਆਂ ਕਰੀਬ 2 ਤੋਂ 3 ਮਹੀਨੇ ਪਹਿਲਾਂ ਤਿਆਰ ਕੀਤੀਆਂ ਗਈਆਂ ਸਨ।

ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਕੀਤੀ ਗਈ ਇਸ ਜਾਂਚ ਦੌਰਾਨ ਪੇਠਾ, ਗੁਲਾਬ ਜਾਮੁਨ ਅਤੇ ਰਸਗੁੱਲਿਆਂ ਦੇ ਤਿੰਨ ਸੈਂਪਲ ਵੀ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬਾਰਟਰੀ ਭੇਜ ਦਿੱਤਾ ਗਿਆ ਹੈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਝ ਹਲਵਾਈਆਂ ਵੱਲੋਂ ਤਿਆਰ ਕੀਤੀਆਂ ਮਠਿਆਈਆਂ ਕਾਫ਼ੀ ਸਮੇਂ ਤੋਂ ਕੋਲਡ ਸਟੋਰਾਂ ਵਿੱਚ ਰੱਖੀਆਂ ਹੋਈਆਂ ਸਨ। ਸਿਹਤ ਵਿਭਾਗ ਨੂੰ ਖਦਸ਼ਾ ਸੀ ਕਿ ਦੀਵਾਲੀ ਮੌਕੇ ਮਠਿਆਈਆਂ ਦੀ ਮੰਗ ਵਧਣ ਕਾਰਨ ਇਨ੍ਹਾਂ ਪੁਰਾਣੀਆਂ ਮਠਿਆਈਆਂ ਨੂੰ ਮੁੜ ਬਾਜ਼ਾਰ ਵਿੱਚ ਵੇਚਣ ਲਈ ਭੇਜਿਆ ਜਾ ਸਕਦਾ ਹੈ। ਇਸੇ ਸੰਭਾਵਨਾ ਨੂੰ ਦੇਖਦਿਆਂ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਟਨ ਤੋਂ ਵੱਧ ਮਠਿਆਈਆਂ ਨਸ਼ਟ ਕਰਵਾਈਆਂ।

ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਮਠਿਆਈਆਂ ਦੇ ਨਾਲ-ਨਾਲ ਦੁੱਧ, ਪਨੀਰ, ਖੋਇਆ ਅਤੇ ਹੋਰ ਦੁੱਧ ਤੋਂ ਤਿਆਰ ਹੋਣ ਵਾਲੇ ਉਤਪਾਦਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਮਠਿਆਈਆਂ ਦੀਆਂ ਦੁਕਾਨਾਂ, ਡੇਅਰੀਆਂ, ਉਤਪਾਦਨ ਇਕਾਈਆਂ ਅਤੇ ਕੋਲਡ ਸਟੋਰਾਂ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਗੁਣਵੱਤਾ, ਸਫ਼ਾਈ, ਸਹੀ ਸਟੋਰੇਜ ਅਤੇ ਨਿਰਧਾਰਤ ਤਾਪਮਾਨ ਸਬੰਧੀ ਨਿਯਮਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਸਿਹਤ ਵਿਭਾਗ ਨੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋਕਾਂ ਨੂੰ ਸਿਰਫ਼ ਤਾਜ਼ਾ ਅਤੇ ਸੁਰੱਖਿਅਤ ਖਾਣ-ਪੀਣ ਵਾਲੀਆਂ ਵਸਤਾਂ ਹੀ ਵੇਚਣ। ਇਸ ਦੇ ਨਾਲ ਹੀ ਹਰ ਕਾਰੋਬਾਰੀ ਕੋਲ ਲੋੜੀਂਦਾ ਵੈਧ ਲਾਇਸੈਂਸ ਹੋਣਾ ਵੀ ਲਾਜ਼ਮੀ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੀਵਾਲੀ ਮੌਕੇ ਮਠਿਆਈਆਂ ਸਾਫ਼-ਸੁਥਰੀਆਂ ਅਤੇ ਲਾਇਸੈਂਸ ਪ੍ਰਾਪਤ ਦੁਕਾਨਾਂ ਤੋਂ ਹੀ ਖਰੀਦਣ। ਬਾਸੀ ਜਾਂ ਸ਼ੱਕੀ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਖਰੀਦ ਤੋਂ ਬਚਿਆ ਜਾਵੇ। ਵਿਭਾਗ ਮੁਤਾਬਕ ਇਹ ਜਾਂਚ ਮੁਹਿੰਮ ਦੀਵਾਲੀ ਤੋਂ ਬਾਅਦ ਵੀ ਜਾਰੀ ਰਹੇਗੀ, ਤਾਂ ਜੋ ਲੋਕਾਂ ਨੂੰ ਸੁਰੱਖਿਅਤ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਈਆਂ ਜਾ ਸਕਣ।

NO COMMENTS

LEAVE A REPLY

Please enter your comment!
Please enter your name here

Exit mobile version