ਕਰਾਚੀ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿੱਥੇ ਨਿਰਮਾਣ ਅਧੀਨ ਛੇ ਮੰਜ਼ਿਲਾ ਇਮਾਰਤ ਦੀਆਂ ਉੱਪਰਲੀਆਂ ਮੰਜ਼ਿਲਾਂ ਅਚਾਨਕ ਢਹਿ ਗਈਆਂ। ਇਸ ਹਾਦਸੇ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 14 ਹੋਰ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਕਰੀਬ 10 ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਬਚਾਅ ਟੀਮਾਂ ਭਾਰੀ ਮਸ਼ੀਨਰੀ ਦੀ ਮਦਦ ਨਾਲ ਮਲਬਾ ਹਟਾਉਣ ਅਤੇ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਜੁਟੀਆਂ ਹੋਈਆਂ ਹਨ।
ਇਹ ਹਾਦਸਾ ਕਰਾਚੀ ਦੀ ਐਡਮਿਨ ਸੋਸਾਇਟੀ ਵਿੱਚ ਬਲੋਚ ਕਾਲੋਨੀ ਨੇੜੇ ਵਾਪਰਿਆ। ਮੁੱਢਲੀ ਜਾਣਕਾਰੀ ਅਨੁਸਾਰ ਜਦੋਂ ਇਮਾਰਤ ਡਿੱਗੀ, ਉਸ ਸਮੇਂ ਉੱਥੇ ਮਜ਼ਦੂਰ ਕੰਮ ਕਰ ਰਹੇ ਸਨ। ਇਮਾਰਤ ਦੇ ਢਹਿਣ ਕਾਰਨ ਕਈ ਮਜ਼ਦੂਰ ਮਲਬੇ ਹੇਠ ਫਸ ਗਏ। ਸ਼ੁਰੂਆਤ ਵਿੱਚ ਬਚਾਅ ਅਧਿਕਾਰੀਆਂ ਨੇ ਇੱਕ ਵਿਅਕਤੀ ਦੀ ਮੌਤ ਅਤੇ 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਦਿੱਤੀ ਸੀ। ਬਾਅਦ ਵਿੱਚ ਜ਼ਖ਼ਮੀਆਂ ਦੀ ਗਿਣਤੀ ਵਧ ਕੇ 14 ਹੋ ਗਈ।
ਜਿਨਾਹ ਪੋਸਟਗ੍ਰੈਜੂਏਟ ਮੈਡੀਕਲ ਸੈਂਟਰ (JPMC) ਦੇ ਅਧਿਕਾਰੀਆਂ ਮੁਤਾਬਕ, ਹਾਦਸੇ ਵਿੱਚ ਜ਼ਖ਼ਮੀ ਹੋਏ 14 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਇਲਾਜ ਤੋਂ ਬਾਅਦ 9 ਨੂੰ ਛੁੱਟੀ ਦੇ ਦਿੱਤੀ ਗਈ। ਮ੍ਰਿਤਕਾਂ ਵਿੱਚ ਨਾਵੇਦ ਨਾਮ ਦਾ ਮਜ਼ਦੂਰ ਵੀ ਸ਼ਾਮਲ ਹੈ, ਜੋ ਇਮਾਰਤ ਵਿੱਚ ਟਾਈਲਾਂ ਲਗਾਉਣ ਦਾ ਕੰਮ ਕਰਦਾ ਸੀ। ਉਸ ਦੀ ਲਾਸ਼ ਜੱਦੀ ਇਲਾਕੇ ਰਹੀਮ ਯਾਰ ਖਾਨ ਭੇਜ ਦਿੱਤੀ ਗਈ ਹੈ।
ਪੰਜਵੀਂ ਮੰਜ਼ਿਲ ’ਤੇ ਕੰਮ ਕਰ ਰਿਹਾ ਸੀ ਮਜ਼ਦੂਰ
ਮਲਬੇ ਵਿੱਚੋਂ ਬਾਹਰ ਕੱਢੇ ਗਏ ਅਹਿਮਦ ਨਾਮ ਦੇ ਇੱਕ ਨੌਜਵਾਨ ਮਜ਼ਦੂਰ ਨੇ ਬਚਾਅ ਕਰਮਚਾਰੀਆਂ ਨੂੰ ਦੱਸਿਆ ਕਿ ਉਹ ਹਾਦਸੇ ਵੇਲੇ ਪੰਜਵੀਂ ਮੰਜ਼ਿਲ ’ਤੇ ਕੰਮ ਕਰ ਰਿਹਾ ਸੀ। ਇਸੇ ਦੌਰਾਨ ਅਚਾਨਕ ਇਮਾਰਤ ਢਹਿ ਗਈ। ਉਸ ਨੇ ਦੱਸਿਆ ਕਿ ਉਸ ਸਮੇਂ ਉਸ ਦੇ ਕਈ ਹੋਰ ਸਾਥੀ ਵੀ ਇਮਾਰਤ ਵਿੱਚ ਮੌਜੂਦ ਸਨ।
ਬਚਾਅ ਅਧਿਕਾਰੀਆਂ ਅਨੁਸਾਰ ਇਮਾਰਤ ਡਿੱਗਣ ਤੋਂ ਪਹਿਲਾਂ ਉਸ ਵਿੱਚ ਕੰਬਣੀ ਮਹਿਸੂਸ ਕੀਤੀ ਗਈ ਸੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਮਾਰਤ ਵਿੱਚ ਕੋਈ ਰਹਿ ਨਹੀਂ ਰਿਹਾ ਸੀ ਅਤੇ ਉੱਥੇ ਉਸਾਰੀ ਦਾ ਕੰਮ ਚੱਲ ਰਿਹਾ ਸੀ।
ਬਚਾਅ ਕਾਰਜਾਂ ਦੀ ਕੀਤੀ ਗਈ ਸਮੀਖਿਆ
ਰੇਸਕਿਊ 1122 ਸਿੰਧ ਦੇ ਡਾਇਰੈਕਟਰ ਜਨਰਲ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਉਨ੍ਹਾਂ ਨੂੰ ਹੁਣ ਤੱਕ ਚਲਾਏ ਗਏ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਮਲਬੇ ਹੇਠ ਕਿਸੇ ਦੇ ਫਸੇ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕੀਤੀ ਜਾਵੇ। ਇਸ ਦੇ ਨਾਲ ਹੀ ਬਚਾਅ ਟੀਮਾਂ ਵਿਚਾਲੇ ਤਾਲਮੇਲ, ਸੁਰੱਖਿਆ ਅਤੇ ਤਕਨੀਕੀ ਮਾਹਿਰਾਂ ਦੀ ਮਦਦ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ।
10 ਲੋਕਾਂ ਖ਼ਿਲਾਫ਼ ਮਾਮਲਾ ਦਰਜ, 4 ਗ੍ਰਿਫ਼ਤਾਰ
ਹਾਦਸੇ ਤੋਂ ਬਾਅਦ ਪੁਲਿਸ ਨੇ ਟੀਪੂ ਸੁਲਤਾਨ ਥਾਣੇ ਵਿੱਚ ਸਰਕਾਰ ਵੱਲੋਂ ਮਾਮਲਾ ਦਰਜ ਕੀਤਾ ਹੈ। ਇਸ ਕੇਸ ਵਿੱਚ ਕਤਲ, ਲਾਪਰਵਾਹੀ ਅਤੇ ਗੈਰ-ਜ਼ਿੰਮੇਵਾਰੀ ਨਾਲ ਸਬੰਧਤ ਧਾਰਾਵਾਂ ਲਗਾਈਆਂ ਗਈਆਂ ਹਨ। ਕੁੱਲ 10 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸਿੰਧ ਬਿਲਡਿੰਗ ਕੰਟਰੋਲ ਅਥਾਰਟੀ (SBCA) ਮੁਤਾਬਕ, ਇਹ ਇਮਾਰਤ ਐਡਮਿਨ ਸੋਸਾਇਟੀ ਦੇ ਬਲਾਕ-4 ਵਿੱਚ 600 ਵਰਗ ਗਜ਼ ਦੇ ਪਲਾਟ ’ਤੇ ਬਣਾਈ ਜਾ ਰਹੀ ਸੀ। ਇੱਥੇ ਗਰਾਊਂਡ ਫਲੋਰ ਤੋਂ ਇਲਾਵਾ ਪੰਜ ਮੰਜ਼ਿਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਅਥਾਰਟੀ ਨੇ ਦੱਸਿਆ ਕਿ ਰਿਹਾਇਸ਼ੀ ਪਲਾਟ ’ਤੇ ਕਥਿਤ ਤੌਰ ’ਤੇ ਵਪਾਰਕ ਇਮਾਰਤ ਬਣਾਈ ਜਾ ਰਹੀ ਸੀ।
ਕਰਾਚੀ ਦੇ ਮੇਅਰ ਮੁੁਰਤਜ਼ਾ ਵਹਾਬ ਨੇ ਵੀ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢਣਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ।
ਮੇਅਰ ਨੇ ਦੱਸਿਆ ਕਿ ਅਦਾਲਤ ਵੱਲੋਂ ਸਟੇਅ ਆਰਡਰ ਜਾਰੀ ਹੋਣ ਕਾਰਨ ਇਮਾਰਤ ਨੂੰ ਢਾਹੁਣ ਦੀ ਕਾਰਵਾਈ ਨਹੀਂ ਹੋ ਸਕੀ ਸੀ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਉਸਾਰੀ ਵਿਰੁੱਧ ਬਿਨਾਂ ਕਿਸੇ ਭੇਦਭਾਵ ਦੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮਾਮਲੇ ਸਬੰਧੀ ਉਹ ਮੁੱਖ ਮੰਤਰੀ ਅਤੇ ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਾਲ ਵੀ ਗੱਲਬਾਤ ਕਰਨਗੇ।
ਕਰੀਬ 10 ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ
ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਵੀ ਸ਼ਾਮ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਅਧਿਕਾਰੀਆਂ ਤੋਂ ਸਵਾਲ ਕੀਤਾ ਕਿ ਗੈਰ-ਕਾਨੂੰਨੀ ਉਸਾਰੀ ਨੂੰ ਅੱਗੇ ਵਧਣ ਦੀ ਇਜਾਜ਼ਤ ਕਿਵੇਂ ਮਿਲੀ। ਇਸ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਉਸਾਰੀ ਸਬੰਧੀ ਸਟੇਅ ਆਰਡਰ ਲਏ ਗਏ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਮਲਬੇ ਹੇਠ ਦੱਬੇ ਲੋਕਾਂ ਦੀ ਸਹੀ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੋ ਰਿਹਾ ਹੈ, ਕਿਉਂਕਿ ਉਸਾਰੀ ਵਾਲੀ ਥਾਂ ’ਤੇ ਵੱਖ-ਵੱਖ ਠੇਕੇਦਾਰਾਂ ਦੇ ਮਜ਼ਦੂਰ ਕੰਮ ਕਰ ਰਹੇ ਸਨ। ਪ੍ਰਭਾਵਿਤ ਪਰਿਵਾਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕਰੀਬ 10 ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ ਹੈ। ਫਿਲਹਾਲ ਬਚਾਅ ਟੀਮਾਂ ਵੱਲੋਂ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਜਾਰੀ ਹੈ।






