HomeHealth & Fitnessਥਕਾਵਟ, ਉਲਟੀ ਤੇ ਸਾਹ ਚੜ੍ਹਨਾ ਵੀ ਹੋ ਸਕਦੇ ਹਾਰਟ ਅਟੈਕ ਦੇ ਸੰਕੇਤ

ਥਕਾਵਟ, ਉਲਟੀ ਤੇ ਸਾਹ ਚੜ੍ਹਨਾ ਵੀ ਹੋ ਸਕਦੇ ਹਾਰਟ ਅਟੈਕ ਦੇ ਸੰਕੇਤ

Health News : ਅੱਜ ਦੇ ਸਮੇਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ। ਹੁਣ ਘੱਟ ਉਮਰ ਦੇ ਲੋਕ ਵੀ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਆਮ ਤੌਰ ‘ਤੇ ਹਾਰਟ ਅਟੈਕ ਦੀ ਗੱਲ ਆਉਂਦਿਆਂ ਹੀ ਛਾਤੀ ਵਿੱਚ ਤੇਜ਼ ਦਰਦ ਅਤੇ ਖੱਬੀ ਬਾਂਹ ਤੱਕ ਦਰਦ ਫੈਲਣ ਵਰਗੇ ਲੱਛਣ ਯਾਦ ਆਉਂਦੇ ਹਨ। ਪਰ ਔਰਤਾਂ ਵਿੱਚ ਹਾਰਟ ਅਟੈਕ ਦੇ ਲੱਛਣ ਕਈ ਵਾਰ ਮਰਦਾਂ ਨਾਲੋਂ ਵੱਖਰੇ ਹੋ ਸਕਦੇ ਹਨ। ਇਸੇ ਕਾਰਨ ਕਈ ਵਾਰ ਔਰਤਾਂ ਇਨ੍ਹਾਂ ਸੰਕੇਤਾਂ ਨੂੰ ਆਮ ਥਕਾਵਟ, ਐਸੀਡਿਟੀ ਜਾਂ ਤਣਾਅ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੀਆਂ ਹਨ।

ਕਾਰਡੀਓਲੋਜੀ ਮਾਹਿਰ ਡਾ. ਆਸ਼ੀਸ਼ ਜੈ ਕਿਸ਼ਨ, ਸੀਨੀਅਰ ਕੰਸਲਟੈਂਟ, ਫੋਰਟਿਸ ਐਸਕਾਰਟਸ ਹਾਰਟ ਇੰਸਟੀਚਿਊਟ, ਓਖਲਾ ਅਨੁਸਾਰ, ਔਰਤਾਂ ਵਿੱਚ ਹਾਰਟ ਅਟੈਕ ਦੇ ਕੁਝ ਅਜਿਹੇ ਲੱਛਣ ਵੀ ਸਾਹਮਣੇ ਆ ਸਕਦੇ ਹਨ, ਜਿਨ੍ਹਾਂ ਨੂੰ ਆਮ ਤੌਰ ‘ਤੇ ਦਿਲ ਦੀ ਬਿਮਾਰੀ ਨਾਲ ਜੋੜ ਕੇ ਨਹੀਂ ਦੇਖਿਆ ਜਾਂਦਾ।

ਔਰਤਾਂ ਵਿੱਚ ਹਾਰਟ ਅਟੈਕ ਦੇ ਕਿਹੜੇ ਲੱਛਣ ਦਿਖਾਈ ਦਿੰਦੇ ਹਨ?

ਔਰਤਾਂ ਵਿੱਚ ਹਾਰਟ ਅਟੈਕ ਦੌਰਾਨ ਕਈ ਤਰ੍ਹਾਂ ਦੇ ਸੰਕੇਤ ਮਿਲ ਸਕਦੇ ਹਨ। ਇਨ੍ਹਾਂ ਵਿੱਚ ਬਿਨਾਂ ਕਿਸੇ ਖ਼ਾਸ ਕਾਰਨ ਦੇ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ, ਸਾਹ ਲੈਣ ਵਿੱਚ ਮੁਸ਼ਕਲ, ਜੀਅ ਕੱਚਾ ਹੋਣਾ, ਉਲਟੀਆਂ ਆਉਣਾ, ਚੱਕਰ ਆਉਣਾ ਅਤੇ ਅਚਾਨਕ ਪਸੀਨਾ ਆਉਣਾ ਸ਼ਾਮਲ ਹਨ।

ਇਸ ਤੋਂ ਇਲਾਵਾ ਕਈ ਵਾਰ ਐਸੀਡਿਟੀ ਜਾਂ ਬਦਹਜ਼ਮੀ ਵਰਗੀ ਸਮੱਸਿਆ ਮਹਿਸੂਸ ਹੋ ਸਕਦੀ ਹੈ। ਪਿੱਠ, ਗਰਦਨ, ਜਬਾੜੇ ਅਤੇ ਪੇਟ ਦੇ ਉੱਪਰਲੇ ਹਿੱਸੇ ਵਿੱਚ ਦਰਦ ਜਾਂ ਬੇਅਰਾਮੀ ਵੀ ਹਾਰਟ ਅਟੈਕ ਦਾ ਸੰਕੇਤ ਹੋ ਸਕਦੀ ਹੈ। ਕੁਝ ਮਾਮਲਿਆਂ ਵਿੱਚ ਛਾਤੀ ਦਾ ਦਰਦ ਬਹੁਤ ਹਲਕਾ ਹੁੰਦਾ ਹੈ ਜਾਂ ਬਿਲਕੁਲ ਮਹਿਸੂਸ ਨਹੀਂ ਹੁੰਦਾ।

ਆਖ਼ਰ ਔਰਤਾਂ ਵਿੱਚ ਲੱਛਣ ਵੱਖਰੇ ਕਿਉਂ ਹੁੰਦੇ ਹਨ?

ਮਾਹਿਰਾਂ ਮੁਤਾਬਕ ਇਸ ਦੇ ਪਿੱਛੇ ਕਈ ਸਰੀਰਕ ਕਾਰਨ ਹੋ ਸਕਦੇ ਹਨ। ਮਰਦਾਂ ਅਤੇ ਔਰਤਾਂ ਵਿੱਚ ਦਿਲ ਦੀਆਂ ਖੂਨ ਦੀਆਂ ਨਾੜੀਆਂ ਦੀ ਬਿਮਾਰੀ ਦਾ ਪੈਟਰਨ ਇੱਕੋ ਜਿਹਾ ਨਹੀਂ ਹੁੰਦਾ। ਨਾੜੀਆਂ ਵਿੱਚ ਚਰਬੀ ਅਤੇ ਹੋਰ ਪਦਾਰਥ ਜਮ੍ਹਾ ਹੋਣ ਦਾ ਤਰੀਕਾ ਅਤੇ ਖੂਨ ਦਾ ਵਹਾਅ ਘਟਣ ‘ਤੇ ਦਿਲ ਦੀ ਪ੍ਰਤੀਕਿਰਿਆ ਵੀ ਵੱਖਰੀ ਹੋ ਸਕਦੀ ਹੈ।

ਔਰਤਾਂ ਵਿੱਚ ਦਿਲ ਦੀਆਂ ਛੋਟੀਆਂ ਨਾੜੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀਆਂ ਅਤੇ ਨਾੜੀਆਂ ਦੇ ਅਚਾਨਕ ਸੁੰਗੜਨ ਦੀ ਸਮੱਸਿਆ ਹੋਣ ਦੀ ਸੰਭਾਵਨਾ ਵੀ ਵੱਧ ਹੋ ਸਕਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਹਾਰਟ ਅਟੈਕ ਦੇ ਆਮ ਅਤੇ ਸਪੱਸ਼ਟ ਲੱਛਣ ਸਾਹਮਣੇ ਆਉਣੇ ਜ਼ਰੂਰੀ ਨਹੀਂ ਹਨ।

ਇਸ ਤੋਂ ਇਲਾਵਾ ਕਈ ਔਰਤਾਂ ਸਰੀਰ ਵਿੱਚ ਹੋਣ ਵਾਲੀ ਬੇਅਰਾਮੀ ਨੂੰ ਤਣਾਅ, ਐਸੀਡਿਟੀ, ਥਕਾਵਟ ਜਾਂ ਹਾਰਮੋਨਲ ਬਦਲਾਅ ਨਾਲ ਜੋੜ ਲੈਂਦੀਆਂ ਹਨ। ਜੇਕਰ ਇਹ ਲੱਛਣ ਨਵੇਂ ਹੋਣ, ਲਗਾਤਾਰ ਬਣੇ ਰਹਿਣ ਜਾਂ ਸਰੀਰਕ ਮਿਹਨਤ ਦੌਰਾਨ ਸਾਹਮਣੇ ਆਉਣ ਤਾਂ ਇਨ੍ਹਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਇਨ੍ਹਾਂ ਔਰਤਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ

ਜਿਨ੍ਹਾਂ ਔਰਤਾਂ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਵਧਿਆ ਹੋਇਆ ਕੋਲੈਸਟ੍ਰੋਲ ਜਾਂ ਮੋਟਾਪੇ ਦੀ ਸਮੱਸਿਆ ਹੈ, ਉਨ੍ਹਾਂ ਨੂੰ ਦਿਲ ਦੀ ਸਿਹਤ ਪ੍ਰਤੀ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਿਗਰਟਨੋਸ਼ੀ ਕਰਨ ਵਾਲੀਆਂ ਅਤੇ ਜਿਨ੍ਹਾਂ ਦੇ ਪਰਿਵਾਰ ਵਿੱਚ ਪਹਿਲਾਂ ਕਿਸੇ ਨੂੰ ਦਿਲ ਦੀ ਬਿਮਾਰੀ ਰਹੀ ਹੋਵੇ, ਉਨ੍ਹਾਂ ਵਿੱਚ ਵੀ ਖ਼ਤਰਾ ਵਧ ਸਕਦਾ ਹੈ।

ਮਾਹਵਾਰੀ ਬੰਦ ਹੋਣ ਤੋਂ ਬਾਅਦ, ਯਾਨੀ ਮੇਨੋਪੌਜ਼ ਦੇ ਦੌਰ ਵਿੱਚ ਵੀ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ। ਇਸ ਸਮੇਂ ਸਰੀਰ ਵਿੱਚ ਐਸਟ੍ਰੋਜਨ ਹਾਰਮੋਨ ਦਾ ਸੁਰੱਖਿਆਤਮਕ ਪ੍ਰਭਾਵ ਘਟਣ ਲੱਗਦਾ ਹੈ, ਜਿਸ ਦਾ ਅਸਰ ਦਿਲ ਦੀ ਸਿਹਤ ‘ਤੇ ਪੈ ਸਕਦਾ ਹੈ।

ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਭਾਰੀ

ਹਾਰਟ ਅਟੈਕ ਦੇ ਮਾਮਲੇ ਵਿੱਚ ਇਲਾਜ ਵਿੱਚ ਹੋਣ ਵਾਲੀ ਦੇਰੀ ਦਿਲ ਦੀਆਂ ਮਾਸਪੇਸ਼ੀਆਂ ਨੂੰ ਹੋਰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਔਰਤਾਂ ਨੂੰ ਸਿਰਫ਼ ਛਾਤੀ ਵਿੱਚ ਤੇਜ਼ ਦਰਦ ਹੋਣ ਦੀ ਉਡੀਕ ਨਹੀਂ ਕਰਨੀ ਚਾਹੀਦੀ।

ਜੇਕਰ ਅਚਾਨਕ ਸਾਹ ਫੁੱਲਣ ਲੱਗੇ, ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਵੇ, ਬਿਨਾਂ ਕਾਰਨ ਪਸੀਨਾ ਆਵੇ, ਜੀਅ ਕੱਚਾ ਹੋਵੇ ਜਾਂ ਛਾਤੀ, ਪਿੱਠ, ਜਬਾੜੇ ਅਤੇ ਪੇਟ ਦੇ ਉੱਪਰਲੇ ਹਿੱਸੇ ਵਿੱਚ ਬੇਅਰਾਮੀ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਖ਼ਾਸ ਤੌਰ ‘ਤੇ ਜੇਕਰ ਇਹ ਲੱਛਣ ਪਹਿਲੀ ਵਾਰ ਸਾਹਮਣੇ ਆਉਣ ਜਾਂ ਇਕੱਠੇ ਮਹਿਸੂਸ ਹੋਣ ਤਾਂ ਇਨ੍ਹਾਂ ਨੂੰ ਐਸੀਡਿਟੀ ਜਾਂ ਆਮ ਥਕਾਵਟ ਸਮਝ ਕੇ ਟਾਲਣਾ ਖ਼ਤਰਨਾਕ ਹੋ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments