ਕਾਠਮੰਡੂ: ਨੇਪਾਲ ਵਿੱਚ ਅੱਜ ਸਵੇਰੇ ਲੋਕਾਂ ਦੀ ਨੀਂਦ ਉਸ ਸਮੇਂ ਉੱਡ ਗਈ, ਜਦੋਂ ਭੂਚਾਲ ਦੇ ਝਟਕਿਆਂ ਨਾਲ ਧਰਤੀ ਕੰਬਣ ਲੱਗੀ। ਸਵੇਰੇ ਲਗਭਗ 4:30 ਵਜੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.9 ਮਾਪੀ ਗਈ। ਅਚਾਨਕ ਮਹਿਸੂਸ ਹੋਏ ਝਟਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ ਲਗਭਗ 73 ਕਿਲੋਮੀਟਰ ਹੇਠਾਂ ਸੀ। ਇਸ ਦਾ ਭੂਗੋਲਿਕ ਕੇਂਦਰ 27.671 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 87.987 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਦਰਜ ਕੀਤਾ ਗਿਆ। ਹਾਲਾਂਕਿ, ਇਸ ਭੂਚਾਲ ਕਾਰਨ ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਨਵੰਬਰ ਨੂੰ ਜਾਪਾਨ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਉਸ ਸਮੇਂ ਭੂਚਾਲ ਦੀ ਤੀਬਰਤਾ 6.0 ਮਾਪੀ ਗਈ ਸੀ। ਰਾਹਤ ਦੀ ਗੱਲ ਇਹ ਰਹੀ ਕਿ ਉੱਥੇ ਵੀ ਕਿਸੇ ਵੱਡੇ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਸੀ।
ਆਖ਼ਰ ਕਿਉਂ ਆਉਂਦੇ ਹਨ ਭੂਚਾਲ?
ਧਰਤੀ ਦੀ ਬਾਹਰੀ ਪਰਤ ਕਈ ਵੱਡੀਆਂ ਅਤੇ ਛੋਟੀਆਂ ਟੈਕਟੋਨਿਕ ਪਲੇਟਾਂ ਵਿੱਚ ਵੰਡੀ ਹੋਈ ਹੈ। ਇਹ ਪਲੇਟਾਂ ਲਗਾਤਾਰ ਹੌਲੀ-ਹੌਲੀ ਹਿਲਦੀਆਂ ਰਹਿੰਦੀਆਂ ਹਨ। ਜਦੋਂ ਇਹ ਇੱਕ-ਦੂਜੇ ਨਾਲ ਟਕਰਾਉਂਦੀਆਂ ਹਨ ਜਾਂ ਆਪਸ ਵਿੱਚ ਰਗੜ ਖਾਂਦੀਆਂ ਹਨ ਤਾਂ ਇਨ੍ਹਾਂ ਦੇ ਅੰਦਰ ਦਬਾਅ ਅਤੇ ਊਰਜਾ ਇਕੱਠੀ ਹੋਣ ਲੱਗਦੀ ਹੈ। ਜਦੋਂ ਇਹ ਇਕੱਠੀ ਹੋਈ ਊਰਜਾ ਅਚਾਨਕ ਬਾਹਰ ਨਿਕਲਦੀ ਹੈ ਤਾਂ ਧਰਤੀ ਦੀ ਸਤ੍ਹਾ ‘ਤੇ ਕੰਪਨ ਪੈਦਾ ਹੁੰਦਾ ਹੈ, ਜਿਸ ਨੂੰ ਭੂਚਾਲ ਕਿਹਾ ਜਾਂਦਾ ਹੈ।
ਭੂਚਾਲ ਦੀ ਤੀਬਰਤਾ ਆਧੁਨਿਕ ਵਿਗਿਆਨਕ ਤਰੀਕਿਆਂ ਨਾਲ ਮਾਪੀ ਜਾਂਦੀ ਹੈ। ਆਮ ਤੌਰ ‘ਤੇ 4.5 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਭੂਚਾਲ ਕੁਝ ਹਾਲਾਤਾਂ ਵਿੱਚ ਇਮਾਰਤਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਜਦਕਿ 7.0 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਭੂਚਾਲ ਵੱਡੀ ਤਬਾਹੀ ਦਾ ਕਾਰਨ ਬਣ ਸਕਦੇ ਹਨ। ਦੂਜੇ ਪਾਸੇ, 2.0 ਜਾਂ ਇਸ ਤੋਂ ਘੱਟ ਤੀਬਰਤਾ ਵਾਲੇ ਭੂਚਾਲਾਂ ਨੂੰ ਸੂਖਮ ਭੂਚਾਲ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਆਮ ਤੌਰ ‘ਤੇ ਲੋਕ ਮਹਿਸੂਸ ਵੀ ਨਹੀਂ ਕਰ ਪਾਉਂਦੇ।






