Home National ਆਂਧਰਾ ਪ੍ਰਦੇਸ਼ ‘ਚ ਚੱਕਰਵਾਤ ‘ਅਰਨਬ’ ਦਾ ਕਹਿਰ, 6 ਮੌਤਾਂ

ਆਂਧਰਾ ਪ੍ਰਦੇਸ਼ ‘ਚ ਚੱਕਰਵਾਤ ‘ਅਰਨਬ’ ਦਾ ਕਹਿਰ, 6 ਮੌਤਾਂ

0

ਅਮਰਾਵਤੀ: ਚੱਕਰਵਾਤੀ ਤੂਫ਼ਾਨ ‘ਅਰਨਬ’ ਨੇ ਆਂਧਰਾ ਪ੍ਰਦੇਸ਼ ਵਿੱਚ ਭਾਰੀ ਤਬਾਹੀ ਮਚਾਈ ਹੈ। ਤੂਫ਼ਾਨ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਵਿੱਚ ਹੁਣ ਤੱਕ 6 ਲੋਕਾਂ ਦੀ ਜਾਨ ਜਾ ਚੁੱਕੀ ਹੈ। ਤਾਜ਼ਾ ਘਟਨਾ ਵਿੱਚ ਤੇਨਾਲੀ ਮੰਡਲ ਵਿਖੇ ਇੱਕ ਕੰਧ ਡਿੱਗਣ ਕਾਰਨ 11 ਸਾਲਾ ਬੱਚੇ ਦੀ ਮੌਤ ਹੋ ਗਈ। ਇਸ ਘਟਨਾ ਦੀ ਪੁਸ਼ਟੀ ਆਂਧਰਾ ਪ੍ਰਦੇਸ਼ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਮੈਨੇਜਿੰਗ ਡਾਇਰੈਕਟਰ ਪ੍ਰਖਰ ਜੈਨ ਨੇ ਕੀਤੀ ਹੈ।

ਉਨ੍ਹਾਂ ਮੁਤਾਬਕ ਇਹ ਹਾਦਸਾ ਬੁੱਧਵਾਰ ਰਾਤ ਕਰੀਬ 9 ਵਜੇ ਵਾਪਰਿਆ। ਹਾਲਾਂਕਿ ਹੁਣ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਦੀ ਸਥਿਤੀ ਆਮ ਹੋਣ ਲੱਗੀ ਹੈ। ਤੂਫ਼ਾਨ ਕਾਰਨ ਬੰਦ ਹੋਈਆਂ ਲਗਭਗ 90 ਫ਼ੀਸਦੀ ਸੜਕਾਂ ਅਤੇ ਨੁਕਸਾਨੀਆਂ ਗਈਆਂ ਬਿਜਲੀ ਦੀਆਂ ਲਾਈਨਾਂ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਬਾਕੀ ਰਹਿੰਦੇ ਕੰਮਾਂ ਨੂੰ ਵੀਰਵਾਰ ਤੱਕ ਪੂਰਾ ਕਰਨ ਲਈ ਰਾਹਤ ਅਤੇ ਬਹਾਲੀ ਟੀਮਾਂ ਜੁਟੀਆਂ ਹੋਈਆਂ ਹਨ।

CM ਚੰਦਰਬਾਬੂ ਨਾਇਡੂ ਨੇ ਕੀਤਾ ਹਵਾਈ ਸਰਵੇਖਣ

ਤੂਫ਼ਾਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਉਨ੍ਹਾਂ ਨੇ ਕ੍ਰਿਸ਼ਨਾ, ਪੱਛਮੀ ਗੋਦਾਵਰੀ ਅਤੇ ਡਾ. ਬੀ.ਆਰ. ਅੰਬੇਡਕਰ ਕੋਨਾਸੀਮਾ ਜ਼ਿਲ੍ਹਿਆਂ ਵਿੱਚ ਨੁਕਸਾਨੀਆਂ ਗਈਆਂ ਜ਼ਮੀਨਾਂ ਅਤੇ ਹੋਰ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਜਾਇਜ਼ਾ ਲਿਆ।

ਮੁੱਖ ਮੰਤਰੀ ਅਮਰਾਵਤੀ ਤੋਂ ਹੈਲੀਕਾਪਟਰ ਰਾਹੀਂ ਕੋਨਾਸੀਮਾ ਜ਼ਿਲ੍ਹੇ ਦੇ ਕਾਤਰੇਨੀਕੋਨਾ ਮੰਡਲ ਅਧੀਨ ਆਉਂਦੇ ਚੇਯੇਰੂ ਪਿੰਡ ਪਹੁੰਚੇ। ਇੱਥੇ ਉਨ੍ਹਾਂ ਨੇ ਤੂਫ਼ਾਨ ਕਾਰਨ ਪ੍ਰਭਾਵਿਤ ਹੋਏ ਇਲਾਕਿਆਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ।

ਬੰਗਾਲ ਦੀ ਖਾੜੀ ‘ਚ ਨਵਾਂ ਘੱਟ ਦਬਾਅ ਵਾਲਾ ਖੇਤਰ ਬਣਿਆ

ਇਸ ਦੌਰਾਨ ਮੌਸਮ ਵਿਭਾਗ ਨੇ ਦੱਖਣੀ ਅੰਡੇਮਾਨ ਸਾਗਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਇੱਕ ਨਵਾਂ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਜਾਣਕਾਰੀ ਦਿੱਤੀ ਹੈ। ਇਹ ਸਿਸਟਮ ਬੁੱਧਵਾਰ ਨੂੰ ਬਣੇ ਚੱਕਰਵਾਤੀ ਘੇਰੇ ਦੇ ਪ੍ਰਭਾਵ ਕਾਰਨ ਵਿਕਸਿਤ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਇਸ ਦੇ ਹੋਰ ਮਜ਼ਬੂਤ ਹੋ ਕੇ ਡਿਪ੍ਰੈਸ਼ਨ ਵਿੱਚ ਬਦਲਣ ਅਤੇ ਨਵੰਬਰ ਦੇ ਪਹਿਲੇ ਹਫ਼ਤੇ ਦੌਰਾਨ ਆਂਧਰਾ ਪ੍ਰਦੇਸ਼ ਵੱਲ ਵਧਣ ਦੀ ਸੰਭਾਵਨਾ ਹੈ।

ਕੋਸਟ ਗਾਰਡ ਨੇ ਜਹਾਜ਼ ਦੇ 13 ਮੈਂਬਰਾਂ ਨੂੰ ਬਚਾਇਆ

ਤੂਫ਼ਾਨ ਕਾਰਨ ਬੰਗਾਲ ਦੀ ਖਾੜੀ ਵਿੱਚ ਆਂਧਰਾ ਪ੍ਰਦੇਸ਼ ਦੇ ਤੱਟ ਨੇੜੇ ਫਸੇ ਮਾਲਵਾਹਕ ਜਹਾਜ਼ ‘ਸਿਗਮਾ ਪਰਲ’ ਦੇ 13 ਚਾਲਕ ਦਲ ਦੇ ਮੈਂਬਰਾਂ ਨੂੰ ਭਾਰਤੀ ਤੱਟ ਰੱਖਿਅਕ ਬਲ ਨੇ ਸੁਰੱਖਿਅਤ ਬਚਾ ਲਿਆ ਹੈ। ਇਸ ਜਹਾਜ਼ ‘ਤੇ ਮਾਰਸ਼ਲ ਟਾਪੂਆਂ ਦਾ ਝੰਡਾ ਲੱਗਾ ਹੋਇਆ ਸੀ।

ਇਸ ਤੋਂ ਇਲਾਵਾ ਡਾ. ਬੀ.ਆਰ. ਅੰਬੇਡਕਰ ਕੋਨਾਸੀਮਾ ਜ਼ਿਲ੍ਹੇ ਦੇ ਤੱਟਵਰਤੀ ਪਿੰਡ ਅੰਤਰਵੇਦੀ ਨੇੜੇ ਵੀ ਕੋਸਟ ਗਾਰਡ ਵੱਲੋਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਤੂਫ਼ਾਨ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਰਾਹਤ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version