Home Punjab ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਅੱਜ ਰਾਤ ਨੂੰ ਕਰਵਾਈ ਜਾਵੇਗੀ ਏਅਰ ਰੇਡ...

ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਅੱਜ ਰਾਤ ਨੂੰ ਕਰਵਾਈ ਜਾਵੇਗੀ ਏਅਰ ਰੇਡ ਤੇ ਬਲੈਕਆਊਟ ਦੀ ਮੌਕ ਡ੍ਰਿਲ

0

ਚੰਡੀਗੜ੍ਹ: ਪੰਜਾਬ ਵਿੱਚ ਅੱਜ ਯਾਨੀ 27 ਨਵੰਬਰ ਨੂੰ ਰਾਤ 8 ਵਜੇ ਸਾਰੇ ਜ਼ਿਲ੍ਹਿਆਂ ਵਿੱਚ ਏਅਰ ਰੇਡ ਅਤੇ ਬਲੈਕਆਊਟ ਦੀ ਮੌਕ ਡ੍ਰਿਲ ਕਰਵਾਈ ਜਾਵੇਗੀ। ਇਸ ਅਭਿਆਸ ਦਾ ਮਕਸਦ ਕਿਸੇ ਵੀ ਐਮਰਜੈਂਸੀ ਸਥਿਤੀ ਦੌਰਾਨ ਨਾਗਰਿਕਾਂ ਦੀ ਸੁਰੱਖਿਆ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਤਿਆਰੀ ਨੂੰ ਪਰਖਣਾ ਹੈ। ਇਹ ਅਭਿਆਸ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਹੇਠ ਕਰਵਾਇਆ ਜਾ ਰਿਹਾ ਹੈ।

ਮੌਕ ਡ੍ਰਿਲ ਦੀ ਸ਼ੁਰੂਆਤ ਰਾਤ 8 ਵਜੇ ਏਅਰ ਰੇਡ ਚਿਤਾਵਨੀ ਸਾਇਰਨ ਨਾਲ ਹੋਵੇਗੀ। ਇਸ ਦੌਰਾਨ ਦੋ ਮਿੰਟ ਤੱਕ ਉੱਚੀ ਅਤੇ ਹੌਲੀ ਆਵਾਜ਼ ਵਿੱਚ ਸਾਇਰਨ ਵਜਾਇਆ ਜਾਵੇਗਾ। ਇਸ ਤੋਂ ਬਾਅਦ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਡਿਫੈਂਸ ਕੰਟਰੋਲਰ ਵੱਲੋਂ ਚਿੰਨ੍ਹਿਤ ਇਲਾਕਿਆਂ ਵਿੱਚ ਸੰਕੇਤਕ ਬਲੈਕਆਊਟ ਕਰਵਾਇਆ ਜਾਵੇਗਾ।

ਇਸ ਦੌਰਾਨ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਲਈ ਕਿਹਾ ਗਿਆ ਹੈ। ਹਾਲਾਂਕਿ, ਜ਼ਰੂਰੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਅਭਿਆਸ ਪੂਰਾ ਹੋਣ ‘ਤੇ ਦੋ ਮਿੰਟ ਤੱਕ ਲਗਾਤਾਰ ਉੱਚੀ ਆਵਾਜ਼ ਵਿੱਚ ਸਾਇਰਨ ਵਜਾਇਆ ਜਾਵੇਗਾ, ਜੋ ਕਿ ‘ਆਲ ਕਲੀਅਰ’ ਯਾਨੀ ਖ਼ਤਰਾ ਟਲਣ ਦਾ ਸੰਕੇਤ ਹੋਵੇਗਾ।

ਇਸ ਅਭਿਆਸ ਵਿੱਚ ਸਿਰਫ਼ ਸਾਇਰਨ ਅਤੇ ਬਲੈਕਆਊਟ ਹੀ ਨਹੀਂ, ਸਗੋਂ ਐਮਰਜੈਂਸੀ ਨਾਲ ਨਜਿੱਠਣ ਦੀਆਂ ਹੋਰ ਤਿਆਰੀਆਂ ਵੀ ਕੀਤੀਆਂ ਜਾਣਗੀਆਂ। ਇਸ ਦੌਰਾਨ ਅੱਗ ਬੁਝਾਉਣ, ਖੋਜ ਅਤੇ ਬਚਾਅ ਕਾਰਜਾਂ, ਮੁੱਢਲੀ ਸਹਾਇਤਾ ਅਤੇ ਡਾਕਟਰੀ ਸਹਾਇਤਾ ਦੇਣ ਦਾ ਅਭਿਆਸ ਹੋਵੇਗਾ।

ਇਸ ਤੋਂ ਇਲਾਵਾ ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ, ਆਵਾਜਾਈ ਨੂੰ ਕੰਟਰੋਲ ਕਰਨ ਅਤੇ ਭੀੜ ਪ੍ਰਬੰਧਨ ਦੀਆਂ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ। ਇਸ ਰਾਹੀਂ ਵੱਖ-ਵੱਖ ਵਿਭਾਗਾਂ ਵਿਚਾਲੇ ਤਾਲਮੇਲ ਅਤੇ ਐਮਰਜੈਂਸੀ ਦੌਰਾਨ ਤੁਰੰਤ ਕਾਰਵਾਈ ਕਰਨ ਦੀ ਸਮਰੱਥਾ ਦੀ ਜਾਂਚ ਕੀਤੀ ਜਾਵੇਗੀ।

ਲੋਕਾਂ ਲਈ ਅਹਿਮ ਗੱਲ: ਇਹ ਇੱਕ ਪਹਿਲਾਂ ਤੋਂ ਨਿਰਧਾਰਤ ਮੌਕ ਡ੍ਰਿਲ ਹੈ। ਸਾਇਰਨ ਵੱਜਣ ਅਤੇ ਸੰਕੇਤਕ ਬਲੈਕਆਊਟ ਹੋਣ ਦਾ ਮਤਲਬ ਕਿਸੇ ਅਸਲ ਹਵਾਈ ਹਮਲੇ ਦਾ ਖ਼ਤਰਾ ਨਹੀਂ ਹੈ।

NO COMMENTS

LEAVE A REPLY

Please enter your comment!
Please enter your name here

Exit mobile version