Home Punjab ਲੁਧਿਆਣਾ ’ਚ ਨੌਜਵਾਨ ’ਤੇ ਤੇਜ਼ਾਬੀ ਹਮਲਾ

ਲੁਧਿਆਣਾ ’ਚ ਨੌਜਵਾਨ ’ਤੇ ਤੇਜ਼ਾਬੀ ਹਮਲਾ

0

ਲੁਧਿਆਣਾ: ਸ਼ਹਿਰ ਦੇ ਟਿੱਬਾ ਰੋਡ ਸਥਿਤ ਅਮਰਜੀਤ ਕਲੋਨੀ ਵਿੱਚ ਰਸਤਾ ਦੇਣ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਨੇ ਖ਼ੌਫ਼ਨਾਕ ਰੂਪ ਧਾਰ ਲਿਆ। ਦੋਸ਼ ਹੈ ਕਿ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ ਦੀ ਪਹਿਲਾਂ ਬੇਸਬਾਲ ਦੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਦੇ ਚਿਹਰੇ ’ਤੇ ਮੱਗ ਭਰ ਕੇ ਤੇਜ਼ਾਬ ਸੁੱਟ ਦਿੱਤਾ। ਇਸ ਹਮਲੇ ਵਿੱਚ ਨੌਜਵਾਨ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ, ਜਦਕਿ ਉਸ ਦੀਆਂ ਅੱਖਾਂ ਵੀ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਈਆਂ ਹਨ।

ਜ਼ਖ਼ਮੀ ਦੀ ਪਛਾਣ ਸੰਜੇ ਵਜੋਂ ਹੋਈ ਹੈ। ਉਸ ਨੂੰ ਗੰਭੀਰ ਹਾਲਤ ਵਿੱਚ ਸੀ.ਐੱਮ.ਸੀ. ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਸਬੰਧੀ ਥਾਣਾ ਟਿੱਬਾ ਦੀ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇੱਕ ਮੁਲਜ਼ਮ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।

ਰਸਤਾ ਦੇਣ ਨੂੰ ਲੈ ਕੇ ਹੋਈ ਸੀ ਬਹਿਸ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇੰਦਰ ਨਗਰ, ਜਗੀਰਪੁਰ ਰੋਡ ਦੇ ਰਹਿਣ ਵਾਲੇ ਰਾਮ ਲਾਲ ਨੇ ਦੱਸਿਆ ਕਿ ਉਹ ਟੈਂਪੂ ਚਲਾਉਂਦਾ ਹੈ। ਘਟਨਾ ਵਾਲੇ ਦਿਨ ਉਹ ਮਾਲ ਲੈ ਕੇ ਫੈਕਟਰੀ ਵੱਲ ਜਾ ਰਿਹਾ ਸੀ। ਜਦੋਂ ਉਹ ਅਮਰਜੀਤ ਕਲੋਨੀ ਦੇ ਮੋੜ ’ਤੇ ਪਹੁੰਚਿਆ ਤਾਂ ਸਾਹਮਣੇ ਤੋਂ ਇੱਕ ਕਾਰ ਆ ਗਈ। ਇਸ ਦੌਰਾਨ ਰਸਤਾ ਦੇਣ ਨੂੰ ਲੈ ਕੇ ਕਾਰ ਸਵਾਰਾਂ ਨਾਲ ਉਸ ਦੀ ਬਹਿਸ ਹੋ ਗਈ।

ਹਾਲਾਂਕਿ ਮੌਕੇ ’ਤੇ ਮੌਜੂਦ ਲੋਕਾਂ ਨੇ ਦਖ਼ਲ ਦੇ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਦਿੱਤਾ ਅਤੇ ਉਸ ਸਮੇਂ ਮਾਮਲਾ ਖ਼ਤਮ ਹੋ ਗਿਆ।

ਬੇਸਬਾਲ ਦੇ ਡੰਡਿਆਂ ਨਾਲ ਕੀਤਾ ਹਮਲਾ

ਰਾਮ ਲਾਲ ਮੁਤਾਬਕ, ਇਸ ਤੋਂ ਬਾਅਦ ਉਹ ਹੈਪੀ ਨੈੱਟਵਰਕ ਦੇ ਬਾਹਰ ਆਪਣਾ ਟੈਂਪੂ ਖੜ੍ਹਾ ਕਰਕੇ ਮਾਲ ਉਤਾਰ ਰਿਹਾ ਸੀ। ਇਸੇ ਦੌਰਾਨ ਰਾਜਦੀਪ ਸਿੰਘ, ਉਸ ਦਾ ਪਿਤਾ ਗੁਰਪ੍ਰੀਤ ਸਿੰਘ, ਗੁਰ ਕਮਲ ਸਿੰਘ ਅਤੇ ਇੱਕ ਅਣਪਛਾਤਾ ਵਿਅਕਤੀ ਬੇਸਬਾਲ ਦੇ ਡੰਡੇ ਲੈ ਕੇ ਉੱਥੇ ਪਹੁੰਚ ਗਏ।

ਸ਼ਿਕਾਇਤ ਅਨੁਸਾਰ, ਚਾਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਉਹ ਬੇਹੋਸ਼ ਹੋ ਗਿਆ। ਰਾਮ ਲਾਲ ਨੇ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਇਆ ਤਾਂ ਮੁਲਜ਼ਮ ਉਸ ਦੇ ਭਰਾ ਸੰਜੇ ਦੀ ਕੁੱਟਮਾਰ ਕਰ ਰਹੇ ਸਨ ਅਤੇ ਉਸ ਦੇ ਚਿਹਰੇ ’ਤੇ ਤੇਜ਼ਾਬ ਸੁੱਟ ਰਹੇ ਸਨ।

ਇੱਕ ਮੁਲਜ਼ਮ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ

ਦੋਸ਼ ਹੈ ਕਿ ਹਮਲਾਵਰਾਂ ਨੇ ਮੱਗ ਵਿੱਚ ਤੇਜ਼ਾਬ ਭਰ ਕੇ ਸੰਜੇ ਦੇ ਚਿਹਰੇ ’ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਅੱਖਾਂ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਉਸ ਨੂੰ ਤੁਰੰਤ ਇਲਾਜ ਲਈ ਸੀਐੱਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਂਚ ਅਧਿਕਾਰੀ ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਰਾਮ ਲਾਲ ਦੀ ਸ਼ਿਕਾਇਤ ’ਤੇ ਰਾਜਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰ ਕਮਲ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੋਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version