ਵੈਨਕੂਵਰ, ਬੀ.ਸੀ. (ਰਵੀ ਕਾਂਤ ਸ਼ਰਮਾ): –ਫੀਫਾ ਵਰਲਡ ਕੱਪ 2026 ਦੇ ਰੋਮਾਂਚਕ ਮੁਕਾਬਲਿਆਂ ਦਾ ਜਾਦੂ ਹੁਣ ਕੈਨੇਡਾ ਦੇ ਸ਼ਹਿਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਵੈਨਕੂਵਰ ਵਾਟਰਫਰੰਟ ਵਿਖੇ ਵੱਡੀ ਗਿਣਤੀ ਵਿੱਚ ਫੁੱਟਬਾਲ ਪ੍ਰੇਮੀ ਇਕੱਠੇ ਹੋ ਕੇ ਵੱਖ-ਵੱਖ ਮੈਚਾਂ ਦੀ ਲਾਈਵ ਸਕ੍ਰੀਨਿੰਗ ਰਾਹੀਂ ਖੇਡ ਦਾ ਆਨੰਦ ਮਾਣ ਰਹੇ ਹਨ।
ਵਿਸ਼ਾਲ ਸਕ੍ਰੀਨਾਂ ‘ਤੇ ਮੈਚਾਂ ਦਾ ਸਿੱਧਾ ਪ੍ਰਸਾਰਣ ਦੇਖਣ ਲਈ ਪਰਿਵਾਰਾਂ, ਨੌਜਵਾਨਾਂ ਅਤੇ ਸੈਲਾਨੀਆਂ ਦੀ ਭਾਰੀ ਭੀੜ ਉਮੜੀ। ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੇ ਸਮਰਥਕ ਆਪਣੇ ਰਾਸ਼ਟਰੀ ਝੰਡਿਆਂ ਅਤੇ ਟੀਮਾਂ ਦੀਆਂ ਜਰਸੀਆਂ ਨਾਲ ਪਹੁੰਚੇ ਅਤੇ ਹਰ ਗੋਲ ਤੇ ਸ਼ਾਨਦਾਰ ਖੇਡ ਮੌਕੇ ਜ਼ੋਰਦਾਰ ਉਤਸ਼ਾਹ ਪ੍ਰਗਟਾਇਆ।
ਹਾਜ਼ਰ ਲੋਕਾਂ ਨੇ ਕਿਹਾ ਕਿ ਅਜਿਹੇ ਫੈਨ ਜ਼ੋਨ ਅਤੇ ਲਾਈਵ ਸਕ੍ਰੀਨਿੰਗ ਪ੍ਰਬੰਧ ਲੋਕਾਂ ਨੂੰ ਇੱਕ ਮੰਚ ‘ਤੇ ਲਿਆਉਣ ਅਤੇ ਖੇਡਾਂ ਰਾਹੀਂ ਏਕਤਾ ਦਾ ਸੰਦੇਸ਼ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਈ ਪ੍ਰਸ਼ੰਸਕਾਂ ਨੇ ਕੈਨੇਡਾ ਸਰਕਾਰ, ਬ੍ਰਿਟਿਸ਼ ਕੋਲੰਬੀਆ ਸਰਕਾਰ ਅਤੇ ਸਥਾਨਕ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਉਨ੍ਹਾਂ ਨੂੰ ਵਿਸ਼ਵ ਕੱਪ ਦਾ ਮਾਹੌਲ ਆਪਣੇ ਸ਼ਹਿਰ ਵਿੱਚ ਹੀ ਮਹਿਸੂਸ ਕਰਨ ਦਾ ਮੌਕਾ ਮਿਲਿਆ ਹੈ।
ਲੋਕਾਂ ਦਾ ਕਹਿਣਾ ਸੀ ਕਿ ਫੀਫਾ ਵਰਲਡ ਕੱਪ ਸਿਰਫ਼ ਇੱਕ ਖੇਡ ਸਮਾਗਮ ਨਹੀਂ, ਸਗੋਂ ਦੁਨੀਆ ਭਰ ਦੇ ਲੋਕਾਂ ਨੂੰ ਜੋੜਨ ਵਾਲਾ ਇੱਕ ਵਿਸ਼ਵ ਪੱਧਰੀ ਜਸ਼ਨ ਹੈ। ਵੈਨਕੂਵਰ ਵਾਟਰਫਰੰਟ ‘ਤੇ ਬਣੇ ਇਸ ਤਿਉਹਾਰੀ ਮਾਹੌਲ ਨੇ ਸ਼ਹਿਰ ਦੀ ਬਹੁ-ਸੱਭਿਆਚਾਰਕ ਪਛਾਣ ਨੂੰ ਵੀ ਉਜਾਗਰ ਕੀਤਾ।