Home Canada ਸਰੀ ‘ਚ 3 ਤੋਂ 5 ਜੁਲਾਈ ਤੱਕ ਸਜੇਗਾ 14ਵਾਂ ਸਾਲਾਨਾ ਬੀਸੀ ਟਾਈਗਰਜ਼...

ਸਰੀ ‘ਚ 3 ਤੋਂ 5 ਜੁਲਾਈ ਤੱਕ ਸਜੇਗਾ 14ਵਾਂ ਸਾਲਾਨਾ ਬੀਸੀ ਟਾਈਗਰਜ਼ ਫੁੱਟਬਾਲ ਟੂਰਨਾਮੈਂਟ, 230 ਟੀਮਾਂ ਲੈਣਗੀਆਂ ਹਿੱਸਾ,

0

ਵੈਨਕੂਵਰ, (ਰਵੀ ਕਾਂਤ ਸ਼ਰਮਾ): ਬ੍ਰਿਟਿਸ਼ ਕੋਲੰਬੀਆ ਦੇ ਪ੍ਰਸਿੱਧ ਬੀਸੀ ਟਾਈਗਰਜ਼ ਫੁੱਟਬਾਲ ਕਲੱਬ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ 14ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ 3, 4 ਅਤੇ 5 ਜੁਲਾਈ ਨੂੰ ਸਰੀ ਦੇ ਨਿਊਟਨ ਐਥਲੈਟਿਕ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਪੱਛਮੀ ਕੈਨੇਡਾ ਦੇ ਸਭ ਤੋਂ ਵੱਡੇ ਭਾਈਚਾਰਕ ਫੁੱਟਬਾਲ ਟੂਰਨਾਮੈਂਟਾਂ ਵਿੱਚ ਸ਼ੁਮਾਰ ਇਹ ਮੁਕਾਬਲਾ ਇਸ ਵਾਰ ਵੀ ਦੇਸ਼ ਭਰ ਤੋਂ ਆਉਣ ਵਾਲੀਆਂ ਟੀਮਾਂ ਦੀ ਭਰਵੀਂ ਸ਼ਮੂਲੀਅਤ ਕਾਰਨ ਖਾਸ ਆਕਰਸ਼ਣ ਦਾ ਕੇਂਦਰ ਬਣੇਗਾ।

ਟੂਰਨਾਮੈਂਟ ਦੇ ਪ੍ਰਬੰਧਕ ਅਜਿੰਦਰਪਾਲ ਸਿੰਘ ਮਾਂਗਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਟੋਰਾਂਟੋ, ਵਿਨੀਪੈਗ, ਐਡਮੰਟਨ, ਕੈਲਗਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਕੁੱਲ 230 ਟੀਮਾਂ ਹਿੱਸਾ ਲੈ ਰਹੀਆਂ ਹਨ। ਅੰਡਰ-5 ਵਰਗ ਤੋਂ ਲੈ ਕੇ 60 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਤੱਕ ਵੱਖ-ਵੱਖ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣਗੇ, ਜਿਸ ਨਾਲ ਇਹ ਟੂਰਨਾਮੈਂਟ ਹਰ ਉਮਰ ਦੇ ਖਿਡਾਰੀਆਂ ਲਈ ਖੇਡ ਪ੍ਰਤਿਭਾ ਦਾ ਵਿਲੱਖਣ ਮੰਚ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਪ੍ਰੀਮੀਅਰ ਡਿਵੀਜ਼ਨ ਦੇ ਚੈਂਪੀਅਨ ਨੂੰ 15 ਹਜ਼ਾਰ ਕੈਨੇਡੀਅਨ ਡਾਲਰ ਦਾ ਨਕਦ ਇਨਾਮ ਦਿੱਤਾ ਜਾਵੇਗਾ, ਜਿਸ ਕਾਰਨ ਮੁਕਾਬਲੇ ਹੋਰ ਵੀ ਰੋਮਾਂਚਕ ਹੋਣ ਦੀ ਉਮੀਦ ਹੈ।

ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ 3 ਜੁਲਾਈ ਸ਼ਾਮ 5:30 ਵਜੇ ਹੋਵੇਗਾ। ਇਸ ਤੋਂ ਬਾਅਦ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਲਗਾਤਾਰ ਮੈਚ ਖੇਡੇ ਜਾਣਗੇ। 4 ਅਤੇ 5 ਜੁਲਾਈ ਨੂੰ ਮੁਕਾਬਲੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਜਾਰੀ ਰਹਿਣਗੇ। ਟੂਰਨਾਮੈਂਟ ਦਾ ਸਭ ਤੋਂ ਵੱਡਾ ਆਕਰਸ਼ਣ ਐਤਵਾਰ ਸ਼ਾਮ 7 ਵਜੇ ਮੁੱਖ ਮੈਦਾਨ ਵਿੱਚ ਹੋਣ ਵਾਲਾ ਚੈਂਪੀਅਨਸ਼ਿਪ ਫਾਈਨਲ ਹੋਵੇਗਾ। ਫਾਈਨਲ ਮੁਕਾਬਲੇ ਤੋਂ ਪਹਿਲਾਂ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੀ ਭੰਗੜੇ ਦੀ ਵਿਸ਼ੇਸ਼ ਪੇਸ਼ਕਾਰੀ ਵੀ ਕੀਤੀ ਜਾਵੇਗੀ। ਖੇਡ ਪ੍ਰੇਮੀਆਂ ਲਈ ਇਸ ਵਾਰ ਇੱਕ ਹੋਰ ਖਾਸ ਪ੍ਰਬੰਧ ਕੀਤਾ ਗਿਆ ਹੈ। ਟੂਰਨਾਮੈਂਟ ਦੌਰਾਨ ਤਿੰਨਾਂ ਦਿਨ ਇੱਕ ਵਿਸ਼ਾਲ ਐਲ.ਈ.ਡੀ. ਸਕਰੀਨ ‘ਤੇ ਫੀਫਾ ਵਿਸ਼ਵ ਕੱਪ ਦੇ ਮੈਚਾਂ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ, ਤਾਂ ਜੋ ਦਰਸ਼ਕ ਸਥਾਨਕ ਫੁੱਟਬਾਲ ਮੁਕਾਬਲਿਆਂ ਦੇ ਨਾਲ-ਨਾਲ ਵਿਸ਼ਵ ਪੱਧਰੀ ਫੁੱਟਬਾਲ ਦਾ ਵੀ ਆਨੰਦ ਮਾਣ ਸਕਣ।ਆਯੋਜਕਾਂ ਨੇ ਦੱਸਿਆ ਕਿ ਖਿਡਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦਰਸ਼ਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਸ਼ਨੀਵਾਰ ਅਤੇ ਐਤਵਾਰ ਮੁਫ਼ਤ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ 230 ਟੀਮਾਂ ਦੀ ਭਾਗੀਦਾਰੀ ਕਾਰਨ ਨਿਊਟਨ ਐਥਲੈਟਿਕ ਪਾਰਕ ਵਿੱਚ ਪਾਰਕਿੰਗ ਦੀ ਜਗ੍ਹਾ ਸੀਮਤ ਹੋਵੇਗੀ। ਇਸ ਲਈ ਦਰਸ਼ਕਾਂ ਦੀ ਸਹੂਲਤ ਲਈ ਵਾਧੂ ਪਾਰਕਿੰਗ ਦਾ ਪ੍ਰਬੰਧ ਪਾਰਕ ਦੇ ਸਾਹਮਣੇ ਅਤੇ ਐੱਫ. ਡੀ. ਸਿੰਕਲੇਅਰ ਸੈਕੰਡਰੀ ਸਕੂਲ     ਵਿਖੇ ਕੀਤਾ ਗਿਆ ਹੈ। ਪ੍ਰਬੰਧਕਾਂ ਨੇ ਸਮੂਹ ਖੇਡ ਪ੍ਰੇਮੀਆਂ ਅਤੇ ਭਾਈਚਾਰੇ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।

NO COMMENTS

LEAVE A REPLY

Please enter your comment!
Please enter your name here

Exit mobile version