ਕੈਲਗਰੀ, 29 ਮਈ (ਰਵੀ ਕਾਂਤ ਸ਼ਰਮਾ): ਕੈਲਗਰੀ ਪੁਲਿਸ ਉੱਤਰ-ਪੂਰਬੀ ਕੈਲਗਰੀ ਦੇ ਟਾਰਾਡੇਲ ਇਲਾਕੇ ਵਿੱਚ ਵਾਪਰੇ ਹਿੱਟ-ਐਂਡ-ਰਨ ਹਾਦਸੇ ਤੋਂ ਬਾਅਦ ਇੱਕ ਡਰਾਈਵਰ ਦੀ ਭਾਲ ਕਰ ਰਹੀ ਹੈ, ਜਿਸ ਦੀ ਕਾਰ ਦੀ ਟੱਕਰ ਨਾਲ ਦੋ ਬੱਚੇ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਸ਼ੁੱਕਰਵਾਰ ਦੁਪਹਿਰ ਕਰੀਬ 2:40 ਵਜੇ ਟਾਰਾਵਿਸਟਾ ਡਰਾਈਵ ਅਤੇ ਟਾਰਾਲੇਕ ਗਾਰਡਨਜ਼ ਦੇ ਨੇੜੇ ਇੱਕ ਕਾਰ ਨੇ ਦੋ ਬੱਚਿਆਂ ਨੂੰ ਟੱਕਰ ਮਾਰ ਦਿੱਤੀ, ਜੋ ਪੈਦਲ ਜਾ ਰਹੇ ਸਨ।ਹਾਦਸੇ ਤੋਂ ਬਾਅਦ ਦੋਵੇਂ ਬੱਚਿਆਂ ਨੂੰ ਸਾਵਧਾਨੀ ਵਜੋਂ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਤੋਂ ਬਾਅਦ ਡਰਾਈਵਰ ਮੌਕੇ ‘ਤੇ ਰੁਕਣ ਦੀ ਬਜਾਏ ਫਰਾਰ ਹੋ ਗਿਆ। ਜਾਂਚਕਰਤਾਵਾਂ ਮੁਤਾਬਕ ਸ਼ੱਕੀ ਡਰਾਈਵਰ ਇੱਕ ਲੰਬੀ ਕਾਲੀ ਦਾੜ੍ਹੀ ਵਾਲਾ ਵਿਅਕਤੀ ਹੈ, ਜੋ ਇੱਕ ਸਲੇਟੀ (ਗ੍ਰੇ) ਰੰਗ ਦੀ ਸੈਡਾਨ ਕਾਰ ਚਲਾ ਰਿਹਾ ਸੀ। ਪੁਲਿਸ ਵੱਲੋਂ ਫਰਾਰ ਡਰਾਈਵਰ ਦੀ ਭਾਲ ਜਾਰੀ ਹੈ ਅਤੇ ਘਟਨਾ ਸਬੰਧੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।







