ਟੋਰਾਂਟੋ, 22 ਮਈ (ਨਿਊਜ਼ ਡੈਸਕ) : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮਈ ਮਹੀਨੇ ਦੇ ਆਪਣੇ ਸਾਹਿਤਕ ਪ੍ਰੋਗਰਾਮ ਨੂੰ ਤਿੰਨ ਦਿਨਾਂ ਬਹੁ-ਭਾਸ਼ਾਈ ‘ਕੈਨੇਡਾ ਲਿਟਰੇਚਰ ਫੈਸਟੀਵਲ’ ਦਾ ਮਹੱਤਵਪੂਰਨ ਹਿੱਸਾ ਬਣਾਉਂਦਿਆਂ 17 ਮਈ, ਐਤਵਾਰ ਨੂੰ ਦੁਪਹਿਰ 2:45 ਵਜੇ ਪੰਜਾਬੀ ਅਨੁਭਾਗ ਵਿੱਚ ਸ਼ਾਨਦਾਰ ਹਾਜ਼ਰੀ ਦਰਜ ਕੀਤੀ ਗਈ।
ਇਹ ਸਮਾਗਮ ਮਿਸੀਸਾਗਾ ਦੇ 3250 ਰਿਜਵੇ ਡਰਾਈਵ ਸਥਿਤ ‘ਸੰਪਰਦਾਇਆ ਡਾਂਸ ਥੀਏਟਰ’ ਵਿੱਚ 15 ਤੋਂ 17 ਮਈ ਤੱਕ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਿੰਦੀ, ਉਰਦੂ, ਗੁਜਰਾਤੀ, ਬੰਗਾਲੀ, ਉੜੀਆ, ਤਾਮਿਲ, ਕੰਨੜ ਆਦਿ ਸਮੇਤ ਨੌਂ ਭਾਰਤੀ ਭਾਸ਼ਾਵਾਂ ਦੇ ਵੱਖ-ਵੱਖ ਸਾਹਿਤਕ ਪ੍ਰੋਗਰਾਮ ਸ਼ਾਮਲ ਸਨ।
ਪੰਜਾਬੀ ਅਨੁਭਾਗ ਵਿੱਚ ਕਵਿਤਾ ਅਤੇ ਗੀਤਾਂ ਦੀ ਰੰਗਾਰੰਗ ਮਹਿਫ਼ਲ ਸਜਾਈ ਗਈ, ਜਿਸ ਵਿੱਚ 36 ਪੰਜਾਬੀ ਕਵੀ, ਕਵਿੱਤਰੀਆਂ ਅਤੇ ਗਾਇਕ/ਗਾਇਕਾਵਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪੇਸ਼ ਕੀਤੀਆਂ ਕਵਿਤਾਵਾਂ ਅਤੇ ਗੀਤਾਂ ਦੇ ਵਿਸ਼ਿਆਂ ਵਿੱਚ ਪੰਜਾਬੀ ਮਾਂ-ਬੋਲੀ, ਸੱਭਿਆਚਾਰਕ ਰੰਗ, ਮਾਂ ਦੀ ਮਮਤਾ, ਦੇਸ਼-ਭਗਤੀ, ਵਿਸ਼ਵ ਪੱਧਰੀ ਸੰਘਰਸ਼, ਅਮਨ ਅਤੇ ਸਾਂਝ ਦਾ
ਸੰਦੇਸ਼ ਆਦਿ ਮੁੱਖ ਰਹੇ। ਇਸ ਤੋਂ ਇਲਾਵਾ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਵੀ ਵੱਖ-ਵੱਖ ਸਮਾਜਿਕ ਅਤੇ ਮਨੁੱਖੀ ਵਿਸ਼ਿਆਂ ਨੂੰ ਛੂਹਿਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੇ ‘ਕੈਨੇਡਾ ਲਿਟਰੇਚਰ ਫੈਸਟੀਵਲ’ ਦੀ ਮਹੱਤਤਾ ਅਤੇ ਬਹੁ-ਸੱਭਿਆਚਾਰਕ ਕੈਨੇਡਾ ਵਿੱਚ ਇਸ ਦੀ ਲੋੜ

ਬਾਰੇ ਵਿਚਾਰ ਰੱਖੇ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਇਸ ਅੰਤਰਰਾਸ਼ਟਰੀ ਮੰਚ ‘ਤੇ ਸ਼ਾਮਲ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਇਸ ਤੋਂ ਬਾਅਦ ਮੰਚ ਸੰਚਾਲਕ ਡਾ. ਜਗਮੋਹਨ ਸਿੰਘ ਸੰਘਾ ਨੇ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਗਾਇਕ ਇਕਬਾਲ ਬਰਾੜ ਤੋਂ ਕਰਵਾਈ, ਜਿਨ੍ਹਾਂ ਨੇ ਲੋਕਧਾਰਾ ਦੇ ਟੱਪਿਆਂ ਨਾਲ ਸੰਗੀਤਕ ਮਾਹੌਲ ਨੂੰ ਰੰਗੀਨ ਬਣਾ ਦਿੱਤਾ।ਕਵੀ-ਦਰਬਾਰ ਵਿੱਚ ਮਕਸੂਦ ਚੌਧਰੀ ਤੋਂ ਸ਼ੁਰੂਆਤ ਕਰਦਿਆਂ ਵੱਖ-ਵੱਖ ਕਵੀਆਂ ਅਤੇ ਕਵਿੱਤਰੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਹਾਲਾਂਕਿ ਸਮੇਂ ਦੀ ਘਾਟ ਕਾਰਨ ਕੁਝ ਰਚਨਾਕਾਰ ਆਪਣੀ ਪੇਸ਼ਕਾਰੀ ਨਹੀਂ ਦੇ ਸਕੇ। ਹੋਰ ਭਾਸ਼ਾਵਾਂ ਦੇ ਕਵੀ ਅਤੇ ਸਰੋਤਿਆਂ ਨੇ ਪੰਜਾਬੀ ਸੈਸ਼ਨ ਦੀ ਖੂਬ ਸਰਾਹਨਾ ਕੀਤੀ ਅਤੇ ਇਸਨੂੰ ਪ੍ਰਭਾਵਸ਼ਾਲੀ ਕਰਾਰ ਦਿੱਤਾ।
ਸਮਾਗਮ ਵਿੱਚ ਹਾਜ਼ਰ ਵਿਦਵਾਨਾਂ ਅਤੇ ਸਾਹਿਤ ਪ੍ਰੇਮੀਆਂ ਨੇ ਪੰਜਾਬੀ ਅਨੁਭਾਗ ਦੀ ਵੱਡੀ ਪ੍ਰਸ਼ੰਸਾ ਕੀਤੀ ਅਤੇ ਆਯੋਜਕਾਂ ਵੱਲੋਂ ਅਗਲੇ ਸਮੇਂ ਲਈ ਹੋਰ ਵਧੇਰੇ ਸਮਾਂ ਦੇਣ ਦਾ ਭਰੋਸਾ ਵੀ ਦਿੱਤਾ ਗਿਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਸਾਹਿਤਕਾਰ, ਬੁੱਧੀਜੀਵੀ ਅਤੇ ਭਾਈਚਾਰੇ ਦੇ ਮੈਂਬਰ ਹਾਜ਼ਰ ਰਹੇ, ਜਿਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ।







