ਟੋਰਾਂਟੋ, ਮਈ 25,2026 (ਨਿਊਜ਼ ਡੈਸਕ): Ontario ਦੀ Doug Ford ਸਰਕਾਰ ਵਿੱਚ ਅਹਿਮ ਜ਼ਿੰਮੇਵਾਰੀਆਂ ਨਿਭਾ ਰਹੀ ਸੀਨੀਅਰ ਮੰਤਰੀ Caroline Mulroney ਨੇ ਸਰਗਰਮ ਸਿਆਸਤ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ।
ਯਾਰਕ-ਸਿਮਕੋ ਤੋਂ ਵਿਧਾਇਕ, ਟ੍ਰੇਜ਼ਰੀ ਬੋਰਡ ਪ੍ਰਧਾਨ ਅਤੇ ਫਰਾਂਸੀਸੀ ਭਾਸ਼ਾ ਮਾਮਲਿਆਂ ਦੀ ਮੰਤਰੀ ਰਹੀ ਮਲਰੋਨੀ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਜਾਣਕਾਰੀ ਦਿੱਤੀ ਕਿ ਉਹ 5 ਜੂਨ ਤੋਂ ਮੰਤਰੀ ਮੰਡਲ ਅਤੇ ਆਪਣੀ ਵਿਧਾਨ ਸਭਾ ਸੀਟ ਤੋਂ ਅਸਤੀਫ਼ਾ ਦੇ ਰਹੀ ਹੈ।
ਮਲਰੋਨੀ ਨੇ ਦੱਸਿਆ ਕਿ ਉਨ੍ਹਾਂ ਨੇ ਐਤਵਾਰ ਨੂੰ ਹੀ ਪ੍ਰੀਮੀਅਰ Doug Ford ਨੂੰ ਆਪਣੇ ਇਸ ਫ਼ੈਸਲੇ ਬਾਰੇ ਜਾਣੂ ਕਰਵਾ ਦਿੱਤਾ ਸੀ। ਉਨ੍ਹਾਂ ਆਪਣੇ ਪਿਤਾ ਅਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ Brian Mulroney ਦੇ ਦਿਹਾਂਤ ਨੂੰ ਇਸ ਫ਼ੈਸਲੇ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਕਰਾਰ ਦਿੱਤਾ।
ਉਨ੍ਹਾਂ ਲਿਖਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਪਰਿਵਾਰਕ ਅਤੇ ਨਿੱਜੀ ਜੀਵਨ ਵਿੱਚ ਆਏ ਬਦਲਾਵਾਂ ਨੇ ਉਨ੍ਹਾਂ ਨੂੰ ਜੀਵਨ ਦੀਆਂ ਤਰਜੀਹਾਂ ਬਾਰੇ ਨਵੀਂ ਸੋਚ ਦਿੱਤੀ ਹੈ। ਇਸ ਕਰਕੇ ਉਨ੍ਹਾਂ ਚੁਣੀ ਹੋਈ ਸਿਆਸਤ ਤੋਂ ਪਿੱਛੇ ਹਟ ਕੇ ਜੀਵਨ ਦਾ ਨਵਾਂ ਅਧਿਆਇ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
Caroline Mulroney ਪਿਛਲੇ ਅੱਠ ਸਾਲਾਂ ਤੋਂ ਓਂਟਾਰੀਓ ਦੀ ਸੂਬਾਈ ਸਿਆਸਤ ਵਿੱਚ ਸਰਗਰਮ ਰਹੀ ਹੈ। ਇਸ ਦੌਰਾਨ ਉਹ ਅਟਾਰਨੀ ਜਨਰਲ, ਆਵਾਜਾਈ ਮੰਤਰੀ ਅਤੇ ਫਰਾਂਸੀਸੀ ਭਾਸ਼ਾ ਮਾਮਲਿਆਂ ਦੀ ਮੰਤਰੀ ਸਮੇਤ ਕਈ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾਵਾਂ ਨਿਭਾ ਚੁੱਕੀ ਹੈ।
ਇਸ ਮੌਕੇ ਪ੍ਰੀਮੀਅਰ Doug Ford ਨੇ ਕਿਹਾ ਕਿ ਓਂਟਾਰੀਓ ਨੂੰ ਮਲਰੋਨੀ ਦੀ ਸ਼ਾਂਤ, ਸੰਤੁਲਿਤ ਅਤੇ ਮਜ਼ਬੂਤ ਅਗਵਾਈ ਦਾ ਵੱਡਾ ਲਾਭ ਮਿਲਿਆ ਹੈ ਅਤੇ ਸਰਕਾਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।







