ਪੰਜਾਬ : ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਭਾਗੀ ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਅਤੇ ਵਿਭਾਗੀ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਬੀਤੇ ਦਿਨ ਵਿਭਾਗ ਦੇ ਮੁੱਖ ਦਫ਼ਤਰ ਅਨਾਜ ਭਵਨ ਵਿਖੇ ਡਿਪਟੀ ਡਾਇਰੈਕਟਰਾਂ (ਫੀਲਡਜ਼) ਅਤੇ ਜ਼ਿਲ੍ਹਾ ਕੰਟਰੋਲਰਾਂ ਸਮੇਤ ਸਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਨਵਰੀ-ਮਾਰਚ, 2025 ਤਿਮਾਹੀ ਲਈ ਵੰਡੀ ਜਾ ਰਹੀ ਕਣਕ ਅਗਲੇ ਹਫ਼ਤੇ ਤੱਕ ਸਾਰੇ ਰਾਸ਼ਨ ਡਿਪੂਆਂ ‘ਤੇ ਪਹੁੰਚ ਸਕਦੀ ਹੈ, ਜੋ ਰਾਸ਼ਨ ਕਾਰਡ ਧਾਰਕਾਂ ਨੂੰ ਵੰਡੀ ਜਾਵੇਗੀ।
ਮੀਟਿੰਗ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਾਰੇ ਫੀਲਡ ਅਧਿਕਾਰੀਆਂ ਨੂੰ ਦਫ਼ਤਰ ਵਿੱਚ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਅਤੇ ਆਮ ਲੋਕਾਂ ਨੂੰ ਮਿਲਣ ਲਈ ਹਰ ਰੋਜ਼ ਕੁਝ ਸਮਾਂ ਨਿਰਧਾਰਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਹਦਾਇਤ ਕੀਤੀ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ। ਸਾਰੇ ਡਿਪਟੀ ਡਾਇਰੈਕਟਰਾਂ ਅਤੇ ਜ਼ਿਲ੍ਹਾ ਕੰਟਰੋਲਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਲਾਭਪਾਤਰੀਆਂ ਨੂੰ ਕਣਕ ਦੀ ਚੱਲ ਰਹੀ ਵੰਡ ਦਾ ਨਿੱਜੀ ਤੌਰ ‘ਤੇ ਜਾਇਜ਼ਾ ਲੈਣ ਤੋਂ ਇਲਾਵਾ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਜ਼ਿ ਲ੍ਹਿਆਂ ਵਿੱਚ ਰਾਸ਼ਨ ਡਿਪੂਆਂ ਦੀ ਵੀ ਜਾਂਚ ਕਰਨ। ਇਨ੍ਹਾਂ ਜਾਂਚਾਂ ਦੀ ਰਿਪੋਰਟ ਵੀਡੀਓ ਦੇ ਨਾਲ ਮੁੱਖ ਦਫ਼ਤਰ ਨੂੰ ਭੇਜੀ ਜਾਣੀ ਚਾਹੀਦੀ ਹੈ।
ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜਨਵਰੀ-ਮਾਰਚ 2025 ਤਿਮਾਹੀ ਲਈ ਵੰਡੀ ਜਾ ਰਹੀ ਕਣਕ 28 ਫਰਵਰੀ ਤੱਕ ਰਾਸ਼ਨ ਡਿਪੂਆਂ ਤੱਕ ਪਹੁੰਚਾਈ ਜਾਵੇ। ਰਾਸ਼ਨ ਡਿਪੂਆਂ ਨੂੰ ਭੇਜੀ ਗਈ ਕਣਕ ਦਾ ਪੂਰਾ ਭਾਰ ਅਤੇ ਗੁਣਵੱਤਾ ਯਕੀਨੀ ਬਣਾਈ ਜਾਵੇ ਅਤੇ ਲਾਭਪਾਤਰੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਸਹੀ ਮਾਤਰਾ ਅਤੇ ਚੰਗੀ ਕੁਆਲਟੀ ਦੀ ਕਣਕ ਮੁਹੱਈਆ ਕਰਵਾਈ ਜਾਵੇ। ਇਸ ਮੰਤਵ ਲਈ ਰਾਸ਼ਨ ਡਿਪੂ ਹੋਲਡਰਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਈ-ਪੀ.ਓ.ਐਸ ਮਸ਼ੀਨਾਂ ਨਾਲ ਭਾਰ ਸਕੇਲਾਂ ਨੂੰ ਜੋੜਨ ਦੇ ਨਿਰਦੇਸ਼ ਦਿੱਤੇ ਗਏ।
ਇਸ ਦੇ ਨਾਲ ਹੀ ਕਣਕ ਨੂੰ ਜਾਰੀ ਕਰਵਾ ਕੇ ਰਾਸ਼ਨ ਡਿਪੂ ‘ਤੇ ਭੇਜਣ ਦੇ ਨਿਰਦੇਸ਼ ਦਿੱਤੇ ਗਏ। ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਅਪ੍ਰੈਲ-2025 ਤੋਂ ਸ਼ੁਰੂ ਹੋਣ ਵਾਲੇ ਕਣਕ ਦੇ ਖਰੀਦ ਸੀਜ਼ਨ ਲਈ ਖਰੀਦ ਕਾਰਜ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਹ ਸਪੱਸ਼ਟ ਕੀਤਾ ਗਿਆ ਕਿ ਕਿਸੇ ਵੀ ਕਿਸਾਨ ਨੂੰ ਕਣਕ ਦੀ ਖਰੀਦ ਵਿੱਚ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ। ਮੰਡੀਆਂ ਵਿਚੋਂ ਕਣਕ ਦੀ ਸਮੇਂ ਸਿਰ ਲਿਫਟਿੰਗ ਅਤੇ ਸੁਰੱਖਿਅਤ ਭੰਡਾਰਨ ਲਈ ਵੀ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਵਿਕਾਸ ਗਰਗ ਅਤੇ ਡਾਇਰੈਕਟਰ ਪੁਨੀਤ ਗੋਇਲ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਜ਼ਿਲ੍ਹੇ ਵਾਰ ਕਣਕ ਵੰਡਣ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਜਿਨ੍ਹਾਂ ਜ਼ਿ ਲ੍ਹਿਆਂ ਵਿੱਚ ਕਣਕ ਦੀ ਵੰਡ ਦੀ ਪ੍ਰਤੀਸ਼ਤਤਾ ਘੱਟ ਹੈ, ਉਨ੍ਹਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਹਰ ਸੰਭਵ ਯਤਨ ਕਰਨ ਦੇ ਨਿਰਦੇਸ਼ ਦਿੱਤੇ।