ਨਵੀਂ ਦਿੱਲੀ : ਸੋਨੇ ਦੀਆਂ ਕੀਮਤਾਂ (Gold Prices) ‘ਚ ਲਗਾਤਾਰ ਵਾਧਾ ਜਾਰੀ ਹੈ। ਬੀਤੇ ਦਿਨ ਦਿੱਲੀ ‘ਚ 10 ਗ੍ਰਾਮ ਸੋਨੇ ਦੀ ਕੀਮਤ 200 ਰੁਪਏ ਵਧ ਕੇ ਪਹਿਲੀ ਵਾਰ 83,100 ਰੁਪਏ ਦੇ ਇਤਿਹਾਸਕ ਪੱਧਰ (The Historic Level) ‘ਤੇ ਪਹੁੰਚ ਗਈ। ਆਲ ਇੰਡੀਆ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਨਿਵੇਸ਼ਕਾਂ ਦੀ ਵਧਦੀ ਦਿਲਚਸਪੀ ਅਤੇ ਗਲੋਬਲ ਬਾਜ਼ਾਰਾਂ ਵਿੱਚ ਚੱਲ ਰਹੀ ਅਸਥਿਰਤਾ ਦੇ ਕਾਰਨ 99.9% ਸ਼ੁੱਧਤਾ ਵਾਲੇ ਸੋਨੇ ਦੀ ਇਹ ਨਵੀਂ ਉੱਚਾਈ ਦੇਖੀ ਗਈ ਹੈ। ਇਸ ਦੇ ਨਾਲ ਹੀ 99.5 ਫੀਸਦੀ ਸ਼ੁੱਧ ਸੋਨਾ ਵੀ 200 ਰੁਪਏ ਚੜ੍ਹ ਕੇ 82,700 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ।
ਸੋਨੇ ਵਿੱਚ ਵਾਧੇ ਦਾ ਕਾਰਨ
ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਸੰਭਾਵਿਤ ਟੈਰਿਫ ਯੋਜਨਾ ਅਤੇ ਹੋਰ ਨੀਤੀਗਤ ਅਨਿਸ਼ਚਿਤਤਾਵਾਂ ਕਾਰਨ ਨਿਵੇਸ਼ਕ ਸੁਰੱਖਿਅਤ ਨਿਵੇਸ਼ ਵੱਲ ਮੁੜ ਰਹੇ ਹਨ। HDFC ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਸੋਨੇ ਦੀ ਮੰਗ ‘ਚ ਭਾਰੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ‘ਚ ਵੀ ਵਾਧਾ ਦਰਜ ਕੀਤਾ ਗਿਆ। ਬੀਤੇ ਦਿਨ ਚਾਂਦੀ 500 ਰੁਪਏ ਚੜ੍ਹ ਕੇ 94,000 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ।
ਬਜਟ ਅਤੇ ਫੈਡਰਲ ਰਿਜ਼ਰਵ ‘ਤੇ ਰੱਖੇਗੀ ਨਜ਼ਰ
ਜਤਿਨ ਤ੍ਰਿਵੇਦੀ, ਵੀ.ਪੀ ਰਿਸਰਚ ਐਨਾਲਿਸਟ, ਐਲ.ਕੇ.ਪੀ. ਸਕਿਓਰਿਟੀਜ਼ ਨੇ ਕਿਹਾ ਕਿ ਨਿਵੇਸ਼ਕ ਆਉਣ ਵਾਲੇ ਕੇਂਦਰੀ ਬਜਟ ਅਤੇ ਯੂ.ਐਸ ਫੈਡਰਲ ਰਿਜ਼ਰਵ ਦੇ ਵਿਆਜ ਦਰ ਫ਼ੈਸਲਿਆਂ ‘ਤੇ ਧਿਆਨ ਕੇਂਦਰਤ ਕਰ ਰਹੇ ਹਨ। ਇਹ ਫ਼ੈਸਲੇ ਸੋਨੇ ਦੀਆਂ ਕੀਮਤਾਂ ਦੇ ਭਵਿੱਖ ਦੇ ਰੁਝਾਨ ਨੂੰ ਨਿਰਧਾਰਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਕਮੋਡਿਟੀ ਮਾਹਰ ਅਜੇ ਕੇਡੀਆ ਨੇ ਵੀ ਕਿਹਾ ਕਿ ਵਿਸ਼ਵ ਬਾਜ਼ਾਰ ਦੀ ਅਸਥਿਰਤਾ ਅਤੇ ਸੁਰੱਖਿਅਤ ਨਿਵੇਸ਼ ਦੀ ਵਧਦੀ ਮੰਗ ਦੇ ਮੱਦੇਨਜ਼ਰ ਸੋਨੇ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਹੈ।