ਚੇਨਈ : ਆਸਟ੍ਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ਦੇ ਮੱਧ ‘ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਇਕ ਦਿਨ ਬਾਅਦ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਅੱਜ ਇੱਥੇ ਬਿਨਾਂ ਕਿਸੇ ਧੂਮ-ਧਾਮ ਦੇ ਘਰ ਪਰਤ ਆਏ। ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਥਾਨਕ ਅਧਿਕਾਰੀਆਂ ਨੇ ਅਸ਼ਵਿਨ ਨੂੰ ਬਾਹਰ ਲਿਆਂਦਾ। ਇਸ ਦੌਰਾਨ ਪ੍ਰਸ਼ੰਸਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਪਰ ਉਹ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਆਪਣੇ ਘਰ ਚਲੇ ਗਏ।
ਅਸ਼ਵਿਨ ਨੇ ਆਸਟ੍ਰੇਲੀਆ ਦੇ ਖ਼ਿਲਾਫ਼ ਬ੍ਰਿਸਬੇਨ ‘ਚ ਮੀਂਹ ਨਾਲ ਪ੍ਰਭਾਵਿਤ ਤੀਜਾ ਟੈਸਟ ਮੈਚ ਡਰਾਅ ਹੋਣ ਤੋਂ ਬਾਅਦ ਬੀਤੇੇ ਦਿਨ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਸ਼ਵਿਨ ਹਾਲਾਂਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਸਮੇਤ ਕਲੱਬ ਕ੍ਰਿਕਟ ‘ਚ ਖੇਡਣਾ ਜਾਰੀ ਰੱਖੇਗਾ। ਉਹ ਆਈ.ਪੀ.ਐਲ ਦੇ ਅਗਲੇ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦੀ ਨੁਮਾਇੰਦਗੀ ਕਰੇਗਾ। ਅਨਿਲ ਕੁੰਬਲੇ ਤੋਂ ਬਾਅਦ, ਉਹ ਭਾਰਤ ਲਈ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਦੂਜੇ ਨੰਬਰ ‘ਤੇ ਹੈ।
ਅਸ਼ਵਿਨ ਨੇ 106 ਮੈਚਾਂ ‘ਚ 537 ਵਿਕਟਾਂ ਲਈਆਂ। ਕੁੰਬਲੇ ਨੇ ਟੈਸਟ ਕ੍ਰਿਕਟ ‘ਚ 619 ਵਿਕਟਾਂ ਲਈਆਂ ਹਨ। ਅਸ਼ਵਿਨ ਨੇ ਭਾਰਤ ਲਈ 116 ਵਨਡੇ ਖੇਡੇ, 156 ਵਿਕਟਾਂ ਲਈਆਂ, ਜਦੋਂ ਕਿ ਉਨ੍ਹਾਂ ਨੇ 65 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 72 ਵਿਕਟਾਂ ਲਈਆਂ। ਅਸ਼ਵਿਨ ਨੇ 2010 ਵਿੱਚ ਇੱਕ ਰੋਜ਼ਾ ਫਾਰਮੈਟ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇੱਕ ਸਾਲ ਬਾਅਦ, ਉਨ੍ਹਾਂ ਨੇ ਟੈਸਟ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ।