ਚੰਡੀਗੜ੍ਹ : ਪੰਜਾਬ ਸਰਕਾਰ ਨੇ ਪਨਬੱਸ ਮੁਲਾਜ਼ਮਾਂ (Panbus Employees) ਦੇ ਬਕਾਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। 1.15 ਕਰੋੜ ਰੁਪਏ ਕਿਸ਼ਤ ਵਜੋਂ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅਜਿਹਾ 3,189 ਮੁਲਾਜ਼ਮਾਂ ਦੀਆਂ ਸਾਲਾਨਾ ਤਨਖਾਹਾਂ ਵਿੱਚ ਵਾਧਾ ਹੋਣ ਕਾਰਨ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪਨਬਸ ਨੇ ਅਕਤੂਬਰ 2022 ਤੋਂ ਅਗਸਤ 2023 ਤੱਕ ਠੇਕਾ ਮੁਲਾਜ਼ਮਾਂ ਅਤੇ ਆਊਟਸੋਰਸ ਮੁਲਾਜ਼ਮਾਂ ਲਈ 5 ਫੀਸਦੀ ਸਾਲਾਨਾ ਇੰਕਰੀਮੈਂਟ ਬਕਾਏ ਦੀ ਵੰਡ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਬਕਾਏ ਦੀ ਰਾਸ਼ੀ ਤਿੰਨ ਪੜਾਵਾਂ ਵਿੱਚ ਜਾਰੀ ਕੀਤੀ ਜਾਵੇਗੀ। ਇਸ ਤਹਿਤ 3,189 ਮੁਲਾਜ਼ਮਾਂ ਨੂੰ ਲਗਭਗ 1.15 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਬਾਕੀ ਕਿਸ਼ਤਾਂ ਦੀ ਆਖਰੀ ਮਿਤੀ ਜਨਵਰੀ ਅਤੇ ਮਾਰਚ 2025 ਨਿਸ਼ਚਿਤ ਕੀਤੀ ਗਈ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਵਿੱਤੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਠੋਸ ਕਦਮ ਚੁੱਕ ਰਹੀ ਹੈ। ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਨਬਸ ਨੇ ਆਪਣੇ ਸਾਰੇ ਮੁਲਾਜ਼ਮਾਂ ਨੂੰ 4,052 ਆਊਟਸੋਰਸਡ ਅਤੇ ਠੇਕਾ ਮੁਲਾਜ਼ਮਾਂ ਨੂੰ ਬੋਨਸ ਵਜੋਂ 10,000 ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਐਡਵਾਂਸ ਉਨ੍ਹਾਂ ਦੀ ਅਕਤੂਬਰ 2024 ਦੀ ਤਨਖਾਹ ਵਿੱਚੋਂ ਦਿੱਤਾ ਜਾਵੇਗਾ ਅਤੇ ਬਾਅਦ ਵਿੱਚ ਇਸੇ ਮਹੀਨੇ ਦੀ ਤਨਖਾਹ ਵਿੱਚੋਂ ਐਡਜਸਟ ਕੀਤਾ ਜਾਵੇਗਾ।