ਸਪੋਰਟਸ ਡੈਸਕ : ਇੱਕ ਬੈਲਜੀਅਨ ਅਥਲੀਟ ਸੀਨ ਨਦੀ ਵਿੱਚ ਤੈਰਾਕੀ ਕਰਨ ਤੋਂ ਬਾਅਦ ਬਿਮਾਰ ਹੋ ਗਈ, ਜਿਸ ਨਾਲ ਉਸਦੀ ਟੀਮ ਨੂੰ ਪੈਰਿਸ ਓਲੰਪਿਕ ਖੇਡਾਂ (Paris Olympic Games) ਵਿੱਚ ਮਿਕਸਡ ਰਿਲੇਅ ਟ੍ਰਾਈਥਲੋਨ ਤੋਂ ਪਿੱਛੇ ਹਟ ਗਈ। ਬੈਲਜੀਅਮ ਓਲੰਪਿਕ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੁੱਧਵਾਰ ਨੂੰ ਮਹਿਲਾ ਟ੍ਰਾਈਥਲੋਨ ਵਿੱਚ ਹਿੱਸਾ ਲੈਣ ਵਾਲੀ ਉਸਦੀ ਅਥਲੀਟ ਕਲੇਅਰ ਮਿਸ਼ੇਲ ਬਦਕਿਸਮਤੀ ਨਾਲ ਬਿਮਾਰ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਟੀਮ ਨੂੰ ਮਿਕਸਡ ਰਿਲੇਅ ਟ੍ਰਾਈਥਲੋਨ ਤੋਂ ਹਟਣ ਲਈ ਮਜਬੂਰ ਕੀਤਾ ਗਿਆ ਹੈ।
ਪੈਰਿਸ ਓਲੰਪਿਕ ਖੇਡਾਂ ਦੇ ਆਯੋਜਕਾਂ ਨੇ ਮਿਸ਼ੇਲ ਦੀ ਬੀਮਾਰੀ ਨੂੰ ਲੈ ਕੇ ਤੁਰੰਤ ਕੋਈ ਬਿਆਨ ਜਾਰੀ ਨਹੀਂ ਕੀਤਾ ਪਰ ਕਿਹਾ ਕਿ ਮੁਕਾਬਲਾ ਤੈਅ ਸਮੇਂ ਮੁਤਾਬਕ ਚੱਲੇਗਾ। ਬੈਲਜੀਅਮ ਓਲੰਪਿਕ ਕਮੇਟੀ ਨੇ ਵੀ ਉਸ ਦੀ ਬੀਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਸੀਨ ਨਦੀ ਦੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਸ਼ੁਰੂ ਤੋਂ ਹੀ ਚਿੰਤਾ ਪ੍ਰਗਟਾਈ ਜਾ ਰਹੀ ਹੈ। ਇਸ ਕਾਰਨ ਪਹਿਲੇ ਟ੍ਰਾਇਥਲੋਨ ਅਭਿਆਸ ਸੈਸ਼ਨਾਂ ਨੂੰ ਰੱਦ ਕਰਨਾ ਪਿਆ।