ਸਪੋਰਟਸ ਡੈਸਕ : ਪੈਰਿਸ ਓਲੰਪਿਕ 2024 (Paris Olympics 2024) ਵਿੱਚ ਮਨੂ ਭਾਕਰ (Manu Bhakar) ਦੇ ਇਤਿਹਾਸਕ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ, ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ (Mansukh Mandaviya) ਨੇ ਨਿਸ਼ਾਨੇਬਾਜ਼ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸਿਖਲਾਈ ਪਿੱਛੇ ਕੀਤੀ ਮਿਹਨਤ ਅਤੇ ਖਰਚ ਦਾ ਖੁਲਾਸਾ ਕੀਤਾ। ਭਾਕਰ ਨੇ ਐਤਵਾਰ ਨੂੰ ਮਹਿਲਾ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਤੀਜੇ ਸਥਾਨ ’ਤੇ ਰਹਿ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਉਹ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ‘ਖੇਲੋ ਇੰਡੀਆ’ ਦੀ ਕੀਤੀ ਸ਼ੁਰੂਆਤ
ਜਿੱਤ ਤੋਂ ਬਾਅਦ ਮਾਂਡਵੀਆ ਨੇ ਕਿਹਾ, ‘ਪੈਰਿਸ ਓਲੰਪਿਕ ‘ਚ ਪਹਿਲਾ ਕਾਂਸੀ ਤਮਗਾ ਜਿੱਤ ਕੇ ਮਨੂ ਭਾਕਰ ਨੇ ਭਾਰਤ ਦਾ ਮਾਣ ਵਧਾਇਆ ਹੈ। ਗੱਲਬਾਤ ‘ਚ ਉਨ੍ਹਾਂ ਨੇ ਦੱਸਿਆ ਕਿ ਉਹ ‘ਖੇਲੋ ਇੰਡੀਆ’ ਦਾ ਹਿੱਸਾ ਰਹੀ ਹੈ। ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ‘ਖੇਲੋ ਇੰਡੀਆ’ ਦੀ ਸ਼ੁਰੂਆਤ ਕੀਤੀ ਅਤੇ ਇਸ ਪਹਿਲ ਦੇ ਤਹਿਤ ਦੇਸ਼ ਵਿੱਚ ਖੇਡ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ, ਖੇਡ ਪ੍ਰਤੀਯੋਗਤਾਵਾਂ ਨੂੰ ਵਧਾਇਆ ਗਿਆ ਅਤੇ ਸਕੂਲ ਅਤੇ ਕਾਲਜ ਪੱਧਰ ‘ਤੇ ਖੇਡ ਪ੍ਰਤਿਭਾ ਦੀ ਪਛਾਣ ਕਰਨ ਲਈ ਪ੍ਰੋਜੈਕਟ ਸ਼ੁਰੂ ਕੀਤੇ ਗਏ। ਪਛਾਣੀਆਂ ਗਈਆਂ ਪ੍ਰਤਿਭਾਵਾਂ ਨੂੰ ਸਿਖਲਾਈ ਦੇਣ ਲਈ ਚੰਗੇ ਕੋਚਾਂ ਦੀ ਨਿਯੁਕਤੀ ਕੀਤੀ ਗਈ, ਉਨ੍ਹਾਂ ਨੂੰ ਚੰਗੀ ਸਿਖਲਾਈ ਦਿੱਤੀ ਗਈ ਅਤੇ ਟਾਪਸ ਸਕੀਮ ਤਹਿਤ ਇਹ ਯਕੀਨੀ ਬਣਾਉਣ ਦਾ ਪ੍ਰਬੰਧ ਕੀਤਾ ਗਿਆ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ।
ਮਨੂ ਦੀ ਟ੍ਰੇਨਿੰਗ ‘ਤੇ ਕਰੀਬ ਖਰਚ ਹੋਏ ਸਨ ਦੋ ਕਰੋੜ ਰੁਪਏ
ਮਾਂਡਵੀਆ ਨੇ ਖੁਲਾਸਾ ਕੀਤਾ ਕਿ ਮਨੂ ਦੀ ਸਿਖਲਾਈ ‘ਤੇ ਲਗਭਗ 2 ਕਰੋੜ ਰੁਪਏ ਖਰਚ ਕੀਤੇ ਗਏ ਸਨ ਅਤੇ ਇਸ ਦੇ ਲਈ ਉਨ੍ਹਾਂ ਨੂੰ ਜਰਮਨੀ ਅਤੇ ਸਵਿਟਜ਼ਰਲੈਂਡ ਭੇਜਿਆ ਗਿਆ ਸੀ। ਉਨ੍ਹਾਂ ਨੇ ਇਹ ਵੀ ਭਰੋਸਾ ਪ੍ਰਗਟਾਇਆ ਕਿ ਹੋਰ ਐਥਲੀਟ ਵੀ ਓਲੰਪਿਕ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੂੰ ਆਪਣੀ ਪਸੰਦ ਦਾ ਕੋਚ ਨਿਯੁਕਤ ਕਰਨ ਲਈ ਵਿੱਤੀ ਮਦਦ ਦਿੱਤੀ ਗਈ ਸੀ। ਅਸੀਂ ਸਾਰੇ ਐਥਲੀਟਾਂ ਨੂੰ ਇਹ ਈਕੋਸਿਸਟਮ ਪ੍ਰਦਾਨ ਕਰ ਰਹੇ ਹਾਂ, ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਣ। ਮੈਨੂੰ ਭਰੋਸਾ ਹੈ ਕਿ ਸਾਡੇ ਅਥਲੀਟ ਪੈਰਿਸ ਓਲੰਪਿਕ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨਗੇ।