Home Lifestyle ਸਨਮਾਨ ਹਾਸਲ ਕਰਨ ਦੀ ਉਮੀਦ ਕਿਵੇਂ ਪੂਰੀ ਹੋਵੇ?

ਸਨਮਾਨ ਹਾਸਲ ਕਰਨ ਦੀ ਉਮੀਦ ਕਿਵੇਂ ਪੂਰੀ ਹੋਵੇ?

0

ਕਰਤੱਵ-ਬੁੱਧੀ ਦੇ ਸੁਮੇਲ ਸਹਾਰੇ ਗੁਣਾਂ ਦੇ ਸਿਖ਼ਰ ਤੱਕ ਪੁੱਜ ਸਕਣਾ ਸੰਭਵ ਹੈ। ਜਸ ਦਾ ਲੋਭ ਸਾਨੂੰ ਕਾਮਨਾ ਪੂਰਤੀ ਵਿਚ ਦੇਰੀ ਹੁੰਦੇ ਜਾਂ ਅੜਿੱਕਾ ਪੈਂਦਾ ਦੇਖ ਕੇ ਵਿਚਾਲੇ ਹੀ ਸੁੱਟ ਦਿੰਦਾ ਹੈ। ਇਸ ਲਈ ਉਸ ਨੂੰ ਮਾੜਾ ਕਿਹਾ ਗਿਆ ਹੈ। ਜਸ ਦੀ ਤਮੰਨਾ ਅੰਦਰੂਨੀ ਹੋਵੇ ਅਤੇ ਕਿਸੇ ਆਦਰਸ਼ ’ਤੇ ਟਿਕੀ ਹੋਵੇ ਤਦ ਹੀ ਮਨੁੱਖ ਕਠਿਨਾਈਆਂ ਦੀਆਂ ਚੋਟੀਆਂ ਨੂੰ ਸਰ ਕਰਦਾ ਜਾਂਦਾ ਹੈ।

ਸਨਮਾਨ ਤੇ ਜਸ ਹਾਸਲ ਕਰਨ ਦੀ ਖ਼ਾਹਿਸ਼ ਹਰੇਕ ਮਨੁੱਖ ਵਿਚ ਹੁੰਦੀ ਹੈ ਪਰ ਜਿਨ੍ਹਾਂ ਕੰਮਾਂ ਸਦਕਾ ਅਜਿਹਾ ਸੰਭਵ ਹੁੰਦਾ ਹੈ, ਉਨ੍ਹਾਂ ਲਈ ਘੱਟ ਹੀ ਲੋਕ ਉਮੀਦ ਮੁਤਾਬਕ ਯਤਨ ਕਰ ਪਾਉਂਦੇ ਹਨ। ਇਸ ਵਾਸਤੇ ਯੋਗਤਾ ਹਾਸਲ ਕਰਨੀ ਪੈਂਦੀ ਹੈ। ਯੋਗਤਾ ਮਿਹਨਤ ਅਤੇ ਅਭਿਆਸ ਨਾਲ ਮਿਲਦੀ ਹੈ। ਇਸ ਖ਼ਾਤਰ ਸਭ ਤੋਂ ਪਹਿਲਾਂ ਆਤਮ-ਬਲ ਉਤਪੰਨ ਕਰਨਾ ਪੈਂਦਾ ਹੈ। ਆਤਮ-ਬਲ ਨਾਲ ਹੀ ਸੰਘਰਸ਼ ਲਈ ਊਰਜਾ ਮਿਲਦੀ ਹੈ। ਇਸ ਨਾਲ ਵਿਅਕਤੀ ਉਲਟ ਹਾਲਾਤ ਵਿਚ ਵੀ ਸਬਰ ਬਣਾਈ ਰੱਖਣ ਵਿਚ ਸਮਰੱਥ ਹੁੰਦਾ ਹੈ ਕਿਉਂਕਿ ਜੀਵਨ ਦੇ ਵੱਖ-ਵੱਖ ਪੜਾਵਾਂ ’ਤੇ ਵਿਅਕਤੀ ਦੀ ਸਖ਼ਤ ਪ੍ਰੀਖਿਆ ਹੁੰਦੀ ਹੈ। ਮਨੁੱਖ ਜਦ ਇਨ੍ਹਾਂ ਕਸੌਟੀਆਂ ’ਤੇ ਖ਼ਰਾ ਉਤਰਦਾ ਹੈ ਤਦ ਜਸ ਖ਼ੁਦ ਉਸ ਵੱਲ ਖਿੱਚਿਆ ਚਲਿਆ ਆਉਂਦਾ ਹੈ।

ਸ੍ਰੇਸ਼ਠਤਾ ਪ੍ਰਾਪਤ ਕਰਨ ਦਾ ਅਭਿਆਸ ਜਲਦਬਾਜ਼ੀ ਜਾਂ ਅੰਨ੍ਹੇਵਾਹ ਰੁਝਾਨ ’ਤੇ ਆਧਾਰਤ ਨਾ ਹੋਵੇ।ਨਹੀਂ ਤਾਂ ਜ਼ਿਆਦਾ ਸਮੇਂ ਤੱਕ ਉਸ ਸੱਚੇ ਕਰਮ ’ਤੇ ਟਿਕੇ ਰਹਿਣਾ ਸੰਭਵ ਨਹੀਂ ਹੋਵੇਗਾ ਅਤੇ ਓਨੀ ਮਿਹਨਤ ਵੀ ਵਿਅਰਥ ਚਲੀ ਜਾਵੇਗੀ। ਇਸ ਲਈ ਆਪਣੇ ਸੁਭਾਅ, ਹਾਲਾਤ ਅਤੇ ਤਾਕਤ ਮੁਤਾਬਕ ਹੀ ਕੋਈ ਕੰਮ ਕਰੋ। ਚੇਤੇ ਰਹੇ ਕਿ ਆਪਣੀ ਤਾਕਤ ਅਤੇ ਸਮਰੱਥਾ ਤੋਂ ਵੱਧ ਕੇ ਕੀਤੇ ਗਏ ਯਤਨ ਆਮ ਤੌਰ ’ਤੇ ਫਲਦਾਇਕ ਸਿੱਧ ਨਹੀਂ ਹੁੰਦੇ। ਨਹੀਂ ਤਾਂ ਯਤਨ ਵਿੱਚ ਇੰਨੀ ਤੀਬਰਤਾ ਹੋਵੇ ਕਿ ਤੁਸੀਂ ਹਰੇਕ ਹਾਲਾਤ ਦੀ ਕਠੋਰਤਾ ਨੂੰ ਅੰਤ ਤੱਕ ਸਹਿਣ ਕਰ ਸਕੋ।

ਆਮ ਪੱਧਰ ਵਾਲੇ ਵਿਅਕਤੀ ਵਾਸਤੇ ਵੀ ਜੀਵਨ ਵਿਚ ਸਨਮਾਨ ਹਾਸਲ ਕਰਨ ਦਾ ਇਕ ਸਿੱਧਾ-ਸਰਲ ਉਪਾਅ ਹੈ। ਉਹ ਇਹ ਕਿ ਈਰਖਾ, ਸਾੜੇ ਅਤੇ ਬਦਲੇ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਤਿਆਗ ਦਿਉ। ਇਨ੍ਹਾਂ ਨੂੰ ਤਿਆਗਣ ਨਾਲ ਤੁਹਾਡੇ ਅੰਦਰ ਪ੍ਰੇਮ, ਨਿਆਂ ਅਤੇ ਦਇਆ ਦੀਆਂ ਉਹ ਕਦਰਾਂ-ਕੀਮਤਾਂ ਉਪਜਣਗੀਆਂ ਅਤੇ ਵਧਣ-ਫੁੱਲਣਗੀਆਂ ਜੋ ਸਹਿਜੇ ਹੀ ਸਨਮਾਨ ਦਿਵਾਉਣ ਵਿਚ ਸਮਰੱਥ ਹੁੰਦੀਆਂ ਹਨ। ਉਨ੍ਹਾਂ ਸਹਾਰੇ ਸਾਡੀ ਸ਼ਖ਼ਸੀਅਤ ਵਿਚ ਬਹੁਤ ਜ਼ਿਆਦਾ ਨਿਖ਼ਾਰ ਆ ਜਾਂਦਾ ਹੈ ਅਤੇ ਲੋਕ ਸਾਡੇ ਮੁਰੀਦ ਬਣਨ ਲੱਗਦੇ ਹਨ।

ਡਾ. ਵਿਜੇ ਪ੍ਰਕਾਸ਼ ਤ੍ਰਿਪਾਠੀ

 

NO COMMENTS

LEAVE A REPLY

Please enter your comment!
Please enter your name here

Exit mobile version