ਪੰਜਾਬ : ਜੰਮੂ-ਕਸ਼ਮੀਰ (Jammu and Kashmir) ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ (Nowshera) ਸੈਕਟਰ ‘ਚ ਬਾਰੂਦੀ ਸੁਰੰਗ ਧਮਾਕੇ ‘ਚ ਪੰਜਾਬ ਦੇ ਲੁਧਿਆਣਾ ਦਾ ਇਕ ਜਵਾਨ ਸ਼ਹੀਦ ਹੋ ਗਿਆ। ਸ਼ਹੀਦ ਦੀ ਪਛਾਣ ਅਗਨੀਵੀਰ ਅਜੇ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ, ਜੋ 6 ਭੈਣਾਂ ਦਾ ਇਕਲੌਤਾ ਭਰਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸ਼ਹੀਦ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਲਿਖਿਆ ਜੰਮੂ ਦੇ ਰਾਜੌਰੀ ‘ਚ ਬਾਰੂਦੀ ਸੁਰੰਗ ਧਮਾਕੇ ‘ਚ ਖੰਨਾ ਦੇ ਰਾਮਗੜ੍ਹ ਸਰਦਾਰਾਂ ਪਿੰਡ ਦਾ 23 ਸਾਲਾ ਅਗਨੀਵੀਰ ਜਵਾਨ ਅਜੇ ਸਿੰਘ ਸ਼ਹੀਦ ਹੋ ਗਿਆ ਹੈ। ਉਨ੍ਹਾਂ ਨੇ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਦੇਸ਼ ਪ੍ਰਤੀ ਬਹਾਦਰ ਸੈਨਿਕ ਦੇ ਸਾਹਸ ਨੂੰ ਸਲਾਮ ਕੀਤਾ ਹੈ। ਇਹ ਵੀ ਲਿਖਿਆ ਗਿਆ ਹੈ ਕਿ ਸਰਕਾਰ ਦੇ ਵਾਅਦੇ ਅਨੁਸਾਰ ਪਰਿਵਾਰ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ। ਸਾਡੇ ਲਈ, ਸਾਡੇ ਸੈਨਿਕਾਂ ਨੂੰ ਮਾਣ ਹੈ ਭਾਵੇਂ ਉਹ ਅਗਨੀਵੀਰ ਕਿਉ ਨਾ ਹੋਣ। ‘
ਵੀਰਵਾਰ ਸਵੇਰੇ ਕਰੀਬ 10.30 ਵਜੇ ਫੌਜ ਦੀ ਇਕ ਟੀਮ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ‘ਚ ਪੋਖਰਾ ਚੌਕੀ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਟੀਮ ਬਾਰੂਦੀ ਸੁਰੰਗ ਦੀ ਲਪੇਟ ‘ਚ ਆ ਗਈ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਮੌਕੇ ‘ਤੇ ਮੌਜੂਦ ਤਿੰਨ ਜਵਾਨਾ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ‘ਚੋਂ ਤਿੰਨੋਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਲੁਧਿਆਣਾ ਦਾ ਰਹਿਣ ਵਾਲਾ ਅਗਨੀਵੀਰ ਅਜੇ ਸਿੰਘ ਇਲਾਜ ਦੌਰਾਨ ਸ਼ਹੀਦ ਹੋ ਗਿਆ, ਜਦਕਿ ਦੋ ਹੋਰ ਸਿਪਾਹੀ ਸੂਬੇਦਾਰ ਧਰਮਿੰਦਰ ਸਿੰਘ ਅਤੇ ਬਲਵੰਤ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਸੀ।