ਕਿਸਾਨਾਂ ਦੇ ਖੇਤਾਂ ‘ਚੋਂ ਸਾਮਾਨ ਚੋਰੀ ਕਰਨ ਵਾਲਾ ਵਿਅਕਤੀ ਪੁਲਿਸ ਨੇ ਕੀਤਾ ਕਾਬੂ

0
126

ਦੀਨਾਨਗਰ : ਦੀਨਾਨਗਰ ਪੁਲਿਸ ਨੇ ਵੱਖ-ਵੱਖ ਕਿਸਾਨਾਂ ਦੇ ਖੇਤਾਂ ‘ਚੋਂ ਪਾਣੀ ਦੇ ਇੰਜਣ ਅਤੇ ਬਿਜਲੀ ਦੀਆਂ ਮੋਟਰਾਂ ਸਮੇਤ ਹੋਰ ਕਿਸਾਨਾਂ ਦਾ ਸਮਾਨ ਚੋਰੀ ਕਰਨ ਦੇ ਦੋਸ਼ ‘ਚ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਨਾਨਗਰ ਥਾਣਾ ਇੰਚਾਰਜ ਅਰਜਿੰਦਰ ਸਿੰਘ ਨੇ ਦੱਸਿਆ ਕਿ ਐੱਸ.ਆਈ. ਗੁਰਨਾਮ ਸਿੰਘ ਨੇ ਖਾਸ ਮੁਖ਼ਬਰ ਦੀ ਇਤਲਾਹ ‘ਤੇ ਪੁਲਿਸ ਪਾਰਟੀ ਸਮੇਤ ਹਾਈਵੇ ਨਾਕਾ ਪਨਿਆਰ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ । ਚੈਕਿੰਗ ਦੌਰਾਨ ਦੀਨਾਨਗਰ ਵਾਲੇ ਪਾਸੇ ਤੋਂ ਇੱਕ ਛੋਟਾ ਹਾਥੀ ਆਇਆ। ਇਸ ਨੂੰ ਰੋਕ ਕੇ ਛੋਟੇ ਹਾਥੀ ਵਿੱਚ ਲੱਦੇ ਸਾਮਾਨ ਦੀ ਚੈਕਿੰਗ ਕੀਤੀ ਤਾਂ 04 ਡੀਜ਼ਲ ਇੰਜਣ, 03 ਪਾਣੀ ਦੀ ਬਿਜਲੀ ਦੀਆਂ ਮੋਟਰਾਂ ਅਤੇ 01 ਮੋਟਰ, 3 ਹਾਰਸ ਪਾਵਰ ਲੁਬੀ ਕੰਪਨੀ ਦੀਆਂ, 02 ਮੋਟਰਾਂ ਦੇਸੀ, 06 ਡਲਿਵਰੀ ਪਾਈਪ ਲੋਹੇ ਦੇ ਇੰਜਣ ਅਤੇ ਮੋਟਰਾਂ ਬਰਾਮਦ ਹੋਈਆਂ।

ਜਦੋਂ ਆਟੋ ਚਾਲਕ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਕਤ ਸਾਮਾਨ ਚੋਰੀ ਕੀਤਾ ਹੈ। ਜਿਸ ਨੂੰ ਉਹ ਅੱਜ ਵੇਚਣ ਲਈ ਅੰਮ੍ਰਿਤਸਰ ਜਾ ਰਿਹਾ ਸੀ। ਪੁਲਿਸ ਵੱਲੋਂ ਤਫਤੀਸ਼ ਕਰਨ ਉਪਰੰਤ ਆਟੋ ਚਾਲਕ ਮਸਕ ਅਲੀ ਉਰਫ ਮਸਕੀਨ ਅਲੀ ਪੁੱਤਰ ਸਾਹੂਦੀਨ ਅਲੀ ਵਾਸੀ ਬਾਹਮਣੀ ਥਾਣਾ ਬਹਿਰਾਮਪੁਰ, ਸੁਰਮੂ ਪੁੱਤਰ ਨਜ਼ੀਰ, ਸੁਰਮੂ ਪੁੱਤਰ ਮੱਖਣ ਦੀਨ ਵਾਸੀ ਤੇਜਾ ਵਿਲਾ ਫਤਿਹਗੜ੍ਹ ਚੂੜੀਆਂ ਬਟਾਲਾ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਆਟੋ ਚਾਲਕ ਮਸਕ ਅਲੀ ਉਰਫ਼ ਮਸਕੀਨ ਅਲੀ ਵਾਸੀ ਧਮਰਾਈ ਥਾਣਾ ਦੀਨਾਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here