ਪਟਿਆਲਾ ‘ਚ 11 KV ਬਿਜਲੀ ਦੀਆਂ ਤਾਰਾਂ ਨਾਲ ਲਟਕਦਾ ਮਿਲਿਆ ਨੌਜਵਾਨ

0
37

ਪਟਿਆਲਾ: ਪਟਿਆਲਾ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਗੋਪਾਲ ਕਲੋਨੀ ‘ਚ 11 KV ਬਿਜਲੀ ਦੀਆਂ ਤਾਰਾਂ ‘ਤੇ ਕੰਮ ਕਰਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਹਾਦਸੇ ਦੀ ਇੱਕ ਭਿਆਨਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਨੌਜਵਾਨ ਬਿਜਲੀ ਦੀਆਂ ਤਾਰਾਂ ਨਾਲ ਲਟਕਦਾ ਦਿਖਾਈ ਦੇ ਰਿਹਾ ਹੈ।

ਮ੍ਰਿਤਕ ਨੌਜਵਾਨ ਦੀ ਪਛਾਣ ਰਾਹੁਲ ਕੁਮਾਰ ਵਜੋਂ ਹੋਈ ਹੈ। ਉਹ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਖਾਦਰ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਰਾਹੁਲ ਪਿਛਲੇ ਤਿੰਨ ਮਹੀਨਿਆਂ ਤੋਂ ਪਟਿਆਲਾ ਵਿੱਚ ਕੰਮ ਕਰ ਰਿਹਾ ਸੀ। ਮ੍ਰਿਤਕ ਦੇ ਪਰਿਵਾਰ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਰਾਹੁਲ ਜਿਸ ਕੰਪਨੀ ‘ਚ ਕੰਮ ਕਰਦਾ ਸੀ, ਉਸ ਕੰਪਨੀ ‘ਚ ਲੋੜੀਂਦੇ ਸੁਰੱਖਿਆ ਉਪਕਰਨ ਮੁਹੱਈਆ ਨਹੀਂ ਕਰਵਾਏ ਗਏ। ਪਰਿਵਾਰ ਦਾ ਦੋਸ਼ ਹੈ ਕਿ ਠੇਕੇਦਾਰ ਦੀ ਕਥਿਤ ਲਾਪ੍ਰਵਾਹੀ ਕਾਰਨ ਰਾਹੁਲ ਦੀ ਜਾਨ ਚਲੀ ਗਈ।

ਦੱਸਿਆ ਜਾ ਰਿਹਾ ਹੈ ਕਿ ਰਾਹੁਲ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਿਆ ਹੈ। ਮ੍ਰਿਤਕ ਦਾ ਪੋਸਟਮਾਰਟਮ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਦੇ ਨਾਲ ਹੀ ਠੇਕੇਦਾਰ ਰੌਣਕ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਠੇਕੇਦਾਰ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਉਸ ਦਾ ਕੋਈ ਕਸੂਰ ਨਹੀਂ ਹੈ ਅਤੇ ਨੌਜਵਾਨ ਦੀ ਮੌਤ ਜਨਰੇਟਰ ਤੋਂ ਕਰੰਟ ਲੱਗਣ ਕਾਰਨ ਹੋਈ ਹੈ।

ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਦੇ ਐਸ.ਐਚ.ਓ. ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ ਵੱਲੋਂ ਪੁਲਿਸ ਨੂੰ ਇਸ ਸਬੰਧੀ ਮੰਗ ਪੱਤਰ ਮਿ ਲਿਆ ਸੀ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਇਸ ਮਾਮਲੇ ‘ਚ ਸਵਾਲ ਉੱਠ ਰਹੇ ਹਨ ਕਿ ਜੇਕਰ ਨੌਜਵਾਨ 11 KV ਬਿਜਲੀ ਦੀਆਂ ਤਾਰਾਂ ‘ਤੇ ਕੰਮ ਕਰ ਰਿਹਾ ਸੀ ਤਾਂ ਉਸ ਦੀ ਸੁਰੱਖਿਆ ਲਈ ਕੀ ਪ੍ਰਬੰਧ ਕੀਤੇ ਗਏ ਸਨ? ਕੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ? ਹਾਦਸੇ ਲਈ ਕੌਣ ਜ਼ਿੰਮੇਵਾਰ ਹੈ, ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।

LEAVE A REPLY

Please enter your comment!
Please enter your name here