Home Punjab ਵੇਰਕਾ ਨੇ ਦੁੱਧ ਦੀਆਂ ਕੀਮਤਾਂ ’ਚ ਵਾਧਾ ਕਰਨ ਦਾ ਲਿਆ ਫ਼ੈਸਲਾ

ਵੇਰਕਾ ਨੇ ਦੁੱਧ ਦੀਆਂ ਕੀਮਤਾਂ ’ਚ ਵਾਧਾ ਕਰਨ ਦਾ ਲਿਆ ਫ਼ੈਸਲਾ

0

ਲੁਧਿਆਣਾ : ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਲੁਧਿਆਣਾ ਡਿਸਟ੍ਰਿਕਟ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਿਡ ਵੱਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ ਫੁੱਲ ਕਰੀਮ, ਸਟੈਂਡਰਡ ਅਤੇ ਡਬਲ ਟੋਂਡ ਦੁੱਧ ਦੇ ਵੱਖ-ਵੱਖ ਪੈਕਟਾਂ ਦੇ ਭਾਅ ਵਿੱਚ 1 ਰੁਪਏ ਤੋਂ ਲੈ ਕੇ 8 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮੂਲ ਅਤੇ ਮਦਰ ਡੇਅਰੀ ਵੱਲੋਂ ਵੀ 12 ਨਵੰਬਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਜਾ ਚੁੱਕਾ ਹੈ। ਹੁਣ ਵੇਰਕਾ ਦੇ ਇਸ ਫੈਸਲੇ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਹੋਰ ਪ੍ਰਭਾਵਿਤ ਹੋ ਸਕਦਾ ਹੈ।

ਪੁਰਾਣੇ ਰੇਟ ਵਾਲੇ ਪੈਕਟ ਵੀ ਮਿਲਣਗੇ ਬਾਜ਼ਾਰ ‘ਚ

ਵੇਰਕਾ ਪ੍ਰਬੰਧਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਫਿਲਹਾਲ ਕੰਪਨੀ ਕੋਲ ਪੁਰਾਣੀ ਪੈਕਿੰਗ ਦਾ ਸਟਾਕ ਮੌਜੂਦ ਹੈ। ਇਸ ਕਾਰਨ ਨਵੀਆਂ ਕੀਮਤਾਂ ਲਾਗੂ ਹੋਣ ਦੇ ਬਾਵਜੂਦ ਕੁਝ ਸਮੇਂ ਤੱਕ ਦੁੱਧ ਦੇ ਪੈਕਟਾਂ ਉੱਤੇ ਪੁਰਾਣੇ ਰੇਟ ਹੀ ਛਪੇ ਹੋਏ ਦਿਖਾਈ ਦੇਣਗੇ।

ਹਾਲਾਂਕਿ, ਗਾਹਕਾਂ ਨੂੰ ਭੁਗਤਾਨ ਨਵੀਂ ਰੇਟ ਲਿਸਟ ਅਨੁਸਾਰ ਹੀ ਕਰਨਾ ਪਵੇਗਾ। ਇਸ ਲਈ ਸਾਰੇ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਆਪਣੀਆਂ ਦੁਕਾਨਾਂ ‘ਤੇ ਨਵੀਂ ਕੀਮਤ ਸੂਚੀ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਖ਼ਰੀਦਦਾਰਾਂ ਨੂੰ ਕਿਸੇ ਤਰ੍ਹਾਂ ਦੀ ਉਲਝਣ ਨਾ ਹੋਵੇ।

ਅਮੂਲ ਅਤੇ ਮਦਰ ਡੇਅਰੀ ਨੇ ਵੀ ਵਧਾਏ ਸਨ ਭਾਅ

ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਪਿੱਛੇ ਪਸ਼ੂਆਂ ਦੀ ਖ਼ੁਰਾਕ, ਹਰੇ ਅਤੇ ਸੁੱਕੇ ਚਾਰੇ, ਮੱਕੀ ਅਤੇ ਹੋਰ ਲਾਗਤਾਂ ਵਿੱਚ ਹੋਏ ਵਾਧੇ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਪੈਕੇਜਿੰਗ ਸਮੱਗਰੀ ਅਤੇ ਬਾਲਣ ਮਹਿੰਗਾ ਹੋਣ ਕਾਰਨ ਆਵਾਜਾਈ ਅਤੇ ਸਪਲਾਈ ਦਾ ਖ਼ਰਚਾ ਵੀ ਵਧਿਆ ਹੈ।

ਅਮੂਲ ਦੀ ਮੂਲ ਸੰਸਥਾ GCMMF ਮੁਤਾਬਕ ਗਾਹਕ ਵੱਲੋਂ ਦੁੱਧ ਲਈ ਅਦਾ ਕੀਤੇ ਜਾਂਦੇ ਹਰ ਇੱਕ ਰੁਪਏ ਵਿੱਚੋਂ ਲਗਭਗ 80 ਪੈਸੇ ਸਿੱਧੇ ਦੁੱਧ ਉਤਪਾਦਕ ਕਿਸਾਨਾਂ ਨੂੰ ਮਿਲਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਦੁੱਧ ਦਾ ਉਚਿਤ ਮੁੱਲ ਦੇਣ ਅਤੇ ਵਧਦੀ ਉਤਪਾਦਨ ਲਾਗਤ ਨੂੰ ਪੂਰਾ ਕਰਨ ਲਈ ਕੀਮਤਾਂ ਵਿੱਚ ਸੋਧ ਕਰਨੀ ਪਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version