ਫਾਜ਼ਿਲਕਾ : ਸਰਦੀ ਦੇ ਮੌਸਮ ਵਿੱਚ ਧੁੰਦ ਦੇ ਮੱਦੇਨਜ਼ਰ ਵਾਹਨ ਚਾਲਕ ਸਾਵਧਾਨੀ ਵਰਤਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਕੰਵਰਜੀਤ ਸਿੰਘ ਮਾਨ ਨੇ ਕਿਹਾ ਕਿ ਧੁੰਦ ਦੌਰਾਨ ਡਰਾਈਵਰਾਂ ਨੂੰ ਆਪਣੇ ਵਾਹਨਾਂ ਦੀ ਰਫ਼ਤਾਰ ਧੀਮੀ ਰੱਖਣੀ ਚਾਹੀਦੀ ਹੈ। ਡਰਾਈਵਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਹਨ ਦੀਆਂ ਹੈੱਡ ਲਾਈਟਾਂ ਘੱਟ ਬੀਮ ‘ਤੇ ਰੱਖਣ ਤਾਂ ਜੋ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਜਲਦੀ ਦੇਖਿਆ ਜਾ ਸਕੇ ਅਤੇ ਦੂਰੋਂ ਆਉਣ ਵਾਲੇ ਵਾਹਨ ਨੂੰ ਸੜਕ ‘ਤੇ ਰੌਸ਼ਨੀ ਦਿਖਾਈ ਦੇ ਸਕੇ।
ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਧੁੰਦ ਦੌਰਾਨ ਵਾਹਨਾਂ ਵਿੱਚ ਇੰਡੀਕੇਟਰਾਂ ਦੀ ਵਰਤੋਂ ਕੀਤੀ ਜਾਵੇ। ਐੱਸ.ਡੀ.ਐੱਮ. ਨੇ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਮੋਬਾਈਲ ਜਾਂ ਕਿਸੇ ਹੋਰ ਯੰਤਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਸਗੋਂ ਹਮੇਸ਼ਾ ਸੜਕ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਹਮਣੇ ਤੋਂ ਆਉਣ ਵਾਲੇ ਵਾਹਨ ਦੀ ਵਿਜ਼ੀਬਿਲਟੀ ਘੱਟ ਹੋਣ ਕਾਰਨ ਵਾਹਨ ਚਲਾਉਂਦੇ ਸਮੇਂ ਆਲੇ-ਦੁਆਲੇ ਦੇ ਰੌਲੇ-ਰੱਪੇ ਵੱਲ ਧਿਆਨ ਦੇਣਾ ਚਾਹੀਦਾ ਹੈ।










