Home Rajasthan ਦਿੱਲੀ-ਜੈਪੁਰ ਨੈਸ਼ਨਲ ਹਾਈਵੇਅ ’ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 4 ਲੋਕਾਂ ਦੀ ਮੌਤ

ਦਿੱਲੀ-ਜੈਪੁਰ ਨੈਸ਼ਨਲ ਹਾਈਵੇਅ ’ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 4 ਲੋਕਾਂ ਦੀ ਮੌਤ

0

ਜੈਪੁਰ  : ਦਿੱਲੀ-ਜੈਪੁਰ ਨੈਸ਼ਨਲ ਹਾਈਵੇਅ ’ਤੇ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਬਾਣੀਪੁਰ ਚੌਕ ਨੇੜੇ ਛੋਲਿਆਂ ਦੀਆਂ ਬੋਰੀਆਂ ਨਾਲ ਭਰਿਆ ਇੱਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਨਾਲ ਜਾ ਰਹੀ ਕਾਰ ਉੱਤੇ ਪਲਟ ਗਿਆ। ਇਸ ਹਾਦਸੇ ਵਿੱਚ ਕਾਰ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਮਾਸੂਮ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕਾਂ ਦੀ ਪਛਾਣ ਦਿੱਲੀ ਦੇ ਪਾਲਮ ਵਾਸੀ ਦੀਪਕ ਅਤੇ ਉਸ ਦੀ ਪਤਨੀ ਦਿਵਿਆ ਤੋਂ ਇਲਾਵਾ ਸੁਭਾਸ਼ ਨਗਰ ਦੇ ਰਹਿਣ ਵਾਲੇ ਨਿਤਿਨ ਅਤੇ ਸਰਿਤਾ ਵਜੋਂ ਹੋਈ ਹੈ। ਹਾਦਸੇ ਵਿੱਚ ਦੀਪਕ ਅਤੇ ਦਿਵਿਆ ਦਾ ਪੁੱਤਰ ਵੀ ਗੰਭੀਰ ਜ਼ਖ਼ਮੀ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਸਾਰੇ ਲੋਕ ਰਾਜਸਥਾਨ ਦੇ ਸੀਕਰ ਸਥਿਤ ਪ੍ਰਸਿੱਧ ਖਾਟੂ ਸ਼ਿਆਮ ਧਾਮ ਦੇ ਦਰਸ਼ਨ ਕਰਕੇ ਕਾਰ ਰਾਹੀਂ ਦਿੱਲੀ ਵਾਪਸ ਪਰਤ ਰਹੇ ਸਨ। ਰਾਤ ਕਰੀਬ 11:30 ਵਜੇ ਜਦੋਂ ਉਨ੍ਹਾਂ ਦੀ ਕਾਰ ਬਾਣੀਪੁਰ ਚੌਕ ਨੇੜੇ ਪਹੁੰਚੀ ਤਾਂ ਛੋਲਿਆਂ ਦੀਆਂ ਬੋਰੀਆਂ ਨਾਲ ਲੱਦਿਆ ਟਰੱਕ ਅਚਾਨਕ ਬੇਕਾਬੂ ਹੋ ਗਿਆ ਅਤੇ ਕਾਰ ਉੱਤੇ ਪਲਟ ਗਿਆ।

ਟਰੱਕ ਦੇ ਭਾਰੀ ਭਾਰ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਵਿੱਚ ਸਵਾਰ ਸਾਰੇ ਲੋਕ ਅੰਦਰ ਹੀ ਫਸ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਾਵਲ ਪੁਲਿਸ ਮੌਕੇ ’ਤੇ ਪਹੁੰਚੀ। ਕਾਰ ਨੂੰ ਬਾਹਰ ਕੱਢਣ ਲਈ ਕਰੇਨ ਦੀ ਮਦਦ ਨਾਲ ਟਰੱਕ ਨੂੰ ਹਟਾਇਆ ਗਿਆ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਕਾਰ ਸਵਾਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਜਾਂਚ ਤੋਂ ਬਾਅਦ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਗੰਭੀਰ ਜ਼ਖ਼ਮੀ ਬੱਚੇ ਦਾ ਇਲਾਜ ਜਾਰੀ ਹੈ।

ਇਸ ਹਾਦਸੇ ਕਾਰਨ ਹਾਈਵੇਅ ’ਤੇ ਕਰੀਬ ਦੋ ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟ੍ਰੈਫਿਕ ਨੂੰ ਮੁੜ ਸੁਚਾਰੂ ਕਰਵਾਇਆ। ਉੱਧਰ, ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਫ਼ਰਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version